'ਕੁੱਤੇ ਇਨਸਾਨੀ ਡਰ ਪਛਾਣਦੇ ਹਨ, ਇਸ ਲਈ ਵੱਢਦੇ ਹਨ', ਸੁਪਰੀਮ ਕੋਰਟ ਦਾ ਵੱਡਾ ਬਿਆਨ
Friday, Jan 09, 2026 - 09:00 AM (IST)
ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਸੜਕਾਂ ਤੋਂ ਹਰ ਕੁੱਤੇ ਨੂੰ ਹਟਾਉਣ ਦਾ ਨਿਰਦੇਸ਼ ਨਹੀਂ ਦਿੱਤਾ ਹੈ ਅਤੇ ਉਸ ਦਾ ਨਿਰਦੇਸ਼ ਐਨੀਮਲ ਬਰਥ ਕੰਟਰੋਲ ਦੇ ਨਿਯਮਾਂ ਤਹਿਤ ਇਨ੍ਹਾਂ ਆਵਾਰਾ ਕੁੱਤਿਆਂ ਨਾਲ ਨਜਿੱਠਣ ਨਾਲ ਸਬੰਧਤ ਸੀ। ਆਵਾਰਾ ਕੁੱਤਿਆਂ ਦੇ ਮਾਮਲੇ ’ਚ ਦਲੀਲਾਂ ਸੁਣਦੇ ਹੋਏ ਅਦਾਲਤ ਨੇ ਕਿਹਾ ਕਿ ਕੁੱਤੇ ਇਨਸਾਨੀ ਡਰ ਪਛਾਣਦੇ ਹਨ, ਇਸ ਲਈ ਵੱਢਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਕੁੱਤੇ ਉਨ੍ਹਾਂ ਲੋਕਾਂ ਨੂੰ ਸੁੰਘ ਸਕਦੇ ਹਨ ਜੋ ਜਾਂ ਤਾਂ ਉਨ੍ਹਾਂ ਤੋਂ ਡਰਦੇ ਹਨ ਜਾਂ ਜਿਨ੍ਹਾਂ ਨੂੰ ਪਹਿਲਾਂ ਕੁੱਤੇ ਨੇ ਵੱਢਿਆ ਹੋਵੇ ਅਤੇ ਉਹ ਅਜਿਹੇ ਲੋਕਾਂ ’ਤੇ ਹਮਲਾ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐੱਨ. ਵੀ. ਅੰਜਾਰੀਆ ਦੀ ਵਿਸ਼ੇਸ਼ ਬੈਂਚ, ਕੁੱਤਾ ਪ੍ਰੇਮੀਆਂ ਵੱਲੋਂ ਦਾਇਰ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ, ਜਿਨ੍ਹਾਂ ਵਿਚ ਅਦਾਲਤ ਦੇ ਪਿਛਲੇ ਹੁਕਮਾਂ ’ਚ ਸੋਧ ਅਤੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਮੰਗ ਕੀਤੀ ਗਈ ਸੀ। ਬੈਂਚ ਨੇ ਸੀਨੀਅਰ ਐਡਵੋਕੇਟ ਸੀ. ਯੂ. ਸਿੰਘ, ਕ੍ਰਿਸ਼ਨਨ ਵੇਣੂਗੋਪਾਲ, ਧਰੁਵ ਮਹਿਤਾ, ਗੋਪਾਲ ਸ਼ੰਕਰਨਾਰਾਇਣਨ, ਸ਼ਿਆਮ ਦੀਵਾਨ, ਸਿਧਾਰਥ ਲੂਥਰਾ ਅਤੇ ਕਰੁਣਾ ਨੰਦੀ ਸਮੇਤ ਕਈ ਵਕੀਲਾਂ ਦੀਆਂ ਦਲੀਲਾਂ ਸੁਣੀਆਂ। ਆਪਣੀਆਂ ਦਲੀਲਾਂ ਦੌਰਾਨ ਸੀ. ਯੂ. ਸਿੰਘ ਨੇ ਕਿਹਾ ਕਿ ਕੁੱਤਿਆਂ ਨੂੰ ਅਚਾਨਕ ਹਟਾਉਣ ਨਾਲ ਚੂਹਿਆਂ ਦੀ ਗਿਣਤੀ ਵਧ ਜਾਵੇਗੀ, ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਇਸ ’ਤੇ ਜਸਟਿਸ ਮਹਿਤਾ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਕਿ ਕੁੱਤੇ ਅਤੇ ਬਿੱਲੀਆਂ ਦੁਸ਼ਮਣ ਹਨ। ਬਿੱਲੀਆਂ ਚੂਹਿਆਂ ਨੂੰ ਮਾਰਦੀਆਂ ਹਨ। ਇਸ ਲਈ ਸਾਨੂੰ ਬਿੱਲੀਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels
ਜਨਤਕ ਰਸਤਿਆਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ
ਮਾਮਲੇ ਦੀ ਸੁਣਵਾਈ ਦੌਰਾਨ ਇਕ ਵਕੀਲ ਨੇ ਬੁਨਿਆਦੀ ਢਾਂਚੇ ਦੀ ਘਾਟ, ਜਿਸ ’ਚ ਕੁੱਤਿਆਂ ਦੇ ਸ਼ੈਲਟਰ ਵੀ ਸ਼ਾਮਲ ਹਨ, ਦਾ ਜ਼ਿਕਰ ਕੀਤਾ ਤਾਂ ਅਦਾਲਤ ਨੇ ਕਿਹਾ ਕਿ ਅਸੀਂ ਸਾਰੇ ਇਸ ਗੱਲ ਤੋਂ ਜਾਣੂ ਹਾਂ। ਅਦਾਲਤ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਨੂੰ ਦੱਸੋ ਕਿ ਹਰ ਹਸਪਤਾਲ ਦੇ ਲਾਂਘਿਆਂ, ਵਾਰਡਾਂ ਅਤੇ ਮਰੀਜ਼ਾਂ ਦੇ ਬਿਸਤਰਿਆਂ ਕੋਲ ਕਿੰਨੇ ਕੁੱਤੇ ਘੁੰਮਦੇ ਦਿਖਾਈ ਦੇਣੇ ਚਾਹੀਦੇ ਹਨ? ਇਕ ਹੋਰ ਵਕੀਲ ਨੇ ਰਿਹਾਇਸ਼ੀ ਕੰਪਲੈਕਸਾਂ ਵਿਚ ਆਵਾਰਾ ਕੁੱਤਿਆਂ ਦੇ ਵਧ ਰਹੇ ਖ਼ਤਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਨਤਕ ਰਸਤਿਆਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
