ਅੱਤਵਾਦ ਦੇ ਵਿੱਤ ਪੋਸ਼ਣ ਨੂੰ ਰੋਕਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ: ਅਜੀਤ ਡੋਭਾਲ
Tuesday, Dec 06, 2022 - 01:09 PM (IST)
ਨਵੀਂ ਦਿੱਲੀ- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਮੰਗਲਵਾਰ ਨੂੰ ਖੇਤਰ ਦੇ ਦੇਸ਼ਾਂ ਵੱਲੋਂ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਰੋਕਣ ਨੂੰ ਉੱਚ ਤਰਜੀਹ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਵਿੱਤੀ ਸਰੋਤ ਅੱਤਵਾਦ ਦਾ ਅਧਾਰ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਭਾਰਤ-ਮੱਧ ਏਸ਼ੀਆ ਬੈਠਕ ਦੀ ਸ਼ੁਰੂਆਤ 'ਚ ਆਪਣੇ ਸੰਬੋਧਨ 'ਚ ਡੋਭਾਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਅੱਤਵਾਦੀ ਕਾਰਵਾਈਆਂ 'ਚ ਸ਼ਾਮਲ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਕੋਈ ਵੀ ਸਹਾਇਤਾ ਪ੍ਰਦਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਅੱਤਵਾਦ ਵਿਰੋਧੀ ਸਮਝੌਤਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਡੋਭਾਲ ਨੇ ਮੱਧ ਏਸ਼ੀਆ ਨੂੰ ਭਾਰਤ ਦਾ 'ਵਿਸਥਾਰਿਤ ਗੁਆਂਢੀ' ਕਰਾਰ ਦਿੰਦਿਆਂ ਕਿਹਾ ਕਿ ਭਾਰਤ ਇਸ ਖੇਤਰ ਨੂੰ 'ਸਭ ਤੋਂ ਵੱਧ ਤਰਜੀਹ' ਦਿੰਦਾ ਹੈ। ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੈਠਕ ਵਿਚ ਹਿੱਸਾ ਲੈ ਰਹੇ ਹਨ, ਜਦੋਂ ਕਿ ਤੁਰਕਮੇਨਿਸਤਾਨ ਦੀ ਪ੍ਰਤੀਨਿਧਤਾ ਭਾਰਤ ਵਿਚ ਉਸ ਦੇ ਰਾਜਦੂਤ ਵੱਲੋਂ ਕੀਤੀ ਗਈ ਹੈ। ਡੋਭਾਲ ਨੇ ਕਿਹਾ, ''ਅਫਗਾਨਿਸਤਾਨ ਇਕ ਮਹੱਤਵਪੂਰਨ ਮੁੱਦਾ ਹੈ, ਜਿਸ ਬਾਰੇ ਹਰ ਕੋਈ ਚਿੰਤਤ ਹੈ।’’
ਅਫਗਾਨਿਸਤਾਨ ਵਿਚ ਫੌਰੀ ਤਰਜੀਹਾਂ ਦੇ ਸਬੰਧ ’ਚ ਭਾਰਤ ਦੇ ਟੀਚੇ ਇਸ ਫੋਰਮ ’ਚ ਮੌਜੂਦ ਕਈ ਦੇਸ਼ਾਂ ਦੇ ਟੀਚਿਆਂ ਦੇ ਸਮਾਨ ਹਨ। ਉਨ੍ਹਾਂ ਕਿਹਾ ਕਿ ਮੱਧ-ਏਸ਼ਈਆਈ ਦੇਸ਼ਾਂ ਨਾਲ ਸੰਪਰਕ ਭਾਰਤ ਲਈ ਇਕ ਪ੍ਰਮੁੱਖ ਤਰਜੀਹ ਬਣੀ ਹੋਈ ਹੈ ਅਤੇ ਭਾਰਤ ਇਸ ਖੇਤਰ ’ਚ ਸਹਿਯੋਗ, ਨਿਵੇਸ਼ ਅਤੇ ਸੰਪਰਕ ਨੂੰ ਤਿਆਰ ਹੈ। ਚੀਨ ਦੇ 'ਬੈਲਟ ਐਂਡ ਰੋਡ ਇਨੀਸ਼ੀਏਟਿਵ' (ਬੀ.ਆਰ.ਏ.) ਪ੍ਰਾਜੈਕਟ ਦੇ ਸੰਦਰਭ 'ਚ ਡੋਭਾਲ ਨੇ ਕਿਹਾ 'ਕਨੈਕਟੀਵਿਟੀ ਦਾ ਵਿਸਥਾਰ ਕਰਦੇ ਸਮੇਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸੰਪਰਕ ਦੇ ਕਦਮ ਪਾਰਦਰਸ਼ੀ ਹੋਣ ਅਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਵੇ।