ਕਾਂਗਰਸ ਨੇ ਸ਼ੁਰੂ ਕੀਤੀ ‘ਪਲਾਇਨ ਰੋਕੋ, ਨੌਕਰੀ ਦਿਓ’ ਪੈਦਲ ਯਾਤਰਾ
Monday, Mar 17, 2025 - 12:59 PM (IST)

ਪਟਨਾ- ਕਾਂਗਰਸ ਨੇ ਐਤਵਾਰ ਨੂੰ ਬਿਹਾਰ ’ਚ ‘ਪਲਾਇਨ ਰੋਕੋ, ਨੌਕਰੀ ਦਿਓ’ ਦੇ ਥੀਮ ਨਾਲ ਸੂਬਾ ਪੱਧਰੀ ਪੈਦਲ ਯਾਤਰਾ ਸ਼ੁਰੂ ਕੀਤੀ। ਇਸ ’ਚ ਸੂਬੇ ’ਚ ਪਾਈ ਜਾਂਦੀ ਬੇਰੁਜ਼ਗਾਰੀ ਨੂੰ ਨੌਜਵਾਨਾਂ ਦੀ ਵੱਡੇ ਪੱਧਰ ’ਤੇ ਪਲਾਇਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਬਿਹਾਰ ਮਾਮਲਿਆਂ ਦੇ ਇੰਚਾਰਜ ਕ੍ਰਿਸ਼ਨਾ ਅੱਲਾਵਾਰੂ, ਸੂਬਾਈ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਵਰਗੇ ਆਗੂਆਂ ਨੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਦੌਰਾ ਕੀਤਾ, ਜਿੱਥੋਂ ਪੈਦਲ ਯਾਤਰਾ ਸ਼ੁਰੂ ਹੋਈ ਸੀ। ਇਹ ਯਾਤਰਾ ਪਾਰਟੀ ਦੇ ਯੂਥ ਤੇ ਵਿਦਿਆਰਥੀ ਵਿੰਗਾਂ ਦੇ ਵਾਲੰਟੀਅਰਾਂ ਵੱਲੋਂ ਕੱਢੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ ਰਾਸ਼ਟਰੀ ਇੰਚਾਰਜ ਕਨ੍ਹਈਆ ਕੁਮਾਰ ਨੇ ਬਿਹਾਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ ’ਤੇ ਅਸਿੱਧੇ ਤੌਰ ’ਤੇ ਹਮਲਾ ਕੀਤਾ। ਮੂਲ ਰੂਪ ’ਚ ਸੂਬੇ ਦੇ ਬੇਗੂਸਰਾਏ ਜ਼ਿਲ੍ਹੇ ਦੇ ਵਸਨੀਕ ਕਨ੍ਹਈਆ ਨੇ ਕਿਹਾ ਕਿ ਇਹ ਸਰਕਾਰ ਰੁਜ਼ਗਾਰ ਦੇਣ ’ਚ ਅਸਮਰੱਥ ਹੈ।