ਵੰਦੇ ਭਾਰਤ ਐਕਸਪ੍ਰੈੱਸ ''ਤੇ ਪਥਰਾਅ; ਟਰੇਨ ਦੇ ਟੁੱਟੇ ਸ਼ੀਸ਼ੇ, ਦਹਿਸ਼ਤ ''ਚ ਯਾਤਰੀ

Friday, Oct 04, 2024 - 01:35 PM (IST)

ਕਾਨਪੁਰ- ਵੰਦੇ ਭਾਰਤ ਐਕਸਪ੍ਰੈੱਸ ਟਰੇਨ 'ਤੇ ਪਥਰਾਅ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ਰਾਰਤੀ ਅਨਸਰਾਂ ਵਲੋਂ ਟਰੇਨ 'ਤੇ ਪਥਰਾਅ ਕਰ ਕੇ ਟਰੇਨਾਂ ਨੂੰ ਨੁਕਸਾਨਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਵੰਦੇ ਭਾਰਤ ਟਰੇਨ 'ਤੇ ਪਥਰਾਅ ਕੀਤਾ ਗਿਆ ਹੈ। ਜਦੋਂ ਵਾਰਾਣਸੀ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਕਾਨਪੁਰ ਸਟੇਸ਼ਨ ਪਹੁੰਚੀ ਤਾਂ ਸ਼ਰਾਰਤੀ ਅਨਸਰਾਂ ਨੇ ਟਰੇਨ 'ਤੇ ਪਥਰਾਅ ਕਰ ਦਿੱਤਾ, ਜਿਸ ਕਾਰਨ ਏਸੀ ਚੇਅਰ ਕਾਰ (ਸੀ-7) ਕੋਚ ਦੀ ਖਿੜਕੀ ਟੁੱਟ ਗਈ। ਵਾਰਾਣਸੀ ਤੋਂ ਦਿੱਲੀ ਜਾ ਰਹੀ ਟਰੇਨ ਨੰਬਰ- 22435 ਵੰਦੇ ਭਾਰਤ ਐਕਸਪ੍ਰੈੱਸ ਦੇ ਏਸੀ ਚੇਅਰਕਾਰ ਕੋਚ ਵਿਚ ਪਨਕੀ ਸਟੇਸ਼ਨ ਕੋਲ ਪਥਰਾਅ ਦੀ ਇਹ ਘਟਨਾ ਵਾਪਰੀ।ਪਥਰਾਅ ਦੀ ਘਟਨਾ ਕਾਰਨ ਟਰੇਨ ਵਿਚ ਬੈਠੇ ਯਾਤਰੀ ਦਹਿਸ਼ਤ ਵਿਚ ਆ ਗਏ ਅਤੇ ਸੀਟਾਂ ਦੇ ਹੇਠਾਂ ਝੁੱਕ ਕੇ ਬੈਠ ਗਏ। 
 

ਪਥਰਾਅ ਦੀ ਘਟਨਾ ਨੂੰ ਲੈ ਕੇ ਟਰੇਨ ਦੇ ਡਰਾਈਵਰ ਨੇ ਤੁਰੰਤ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਅਤੇ ਰੇਲਵੇ ਸੁਰੱਖਿਆ ਫੋਰਸ (RPF) ਨੇ ਅਣਪਛਾਤੇ ਹਮਲਾਵਰਾਂ ਖਿਲਾਫ਼ FIR ਦਰਜ ਕਰਵਾਈ। RPF ਨੇ ਅਣਪਛਾਤੇ ਲੋਕਾਂ ਖਿਲਾਫ ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਮਗਰੋਂ ਸਰਕਾਰੀ ਰੇਲਵੇ ਪੁਲਸ (GRP) ਅਤੇ RPF ਦੀਆਂ ਸਾਂਝੀਆਂ ਟੀਮਾਂ ਨੇ ਰੇਲਵੇ ਸਟੇਸ਼ਨ 'ਤੇ ਗਸ਼ਤ ਕੀਤੀ। ਇਸ ਥਾਂ 'ਤੇ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਇਕ ਸਾਲ ਵਿਚ ਹੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾ ਕੇ ਕਈ ਵਾਰ ਪਥਰਾਅ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।


Tanu

Content Editor

Related News