ਸਰਕਾਰ ਦੀ ਸਖ਼ਤੀ ਦਾ ਅਸਰ; ਜੰਮੂ ’ਚ ਦੋ ਸਾਲਾਂ ’ਚ 88 ਫ਼ੀਸਦੀ ਘੱਟ ਹੋਈਆਂ ਪੱਥਰਬਾਜ਼ੀ ਦੀਆਂ ਘਟਨਾਵਾਂ

Wednesday, Aug 04, 2021 - 06:28 PM (IST)

ਸ਼੍ਰੀਨਗਰ— ਪੱਥਰਬਾਜ਼ੀ ਲਈ ਮਸ਼ਹੂਰ ਜੰਮੂ-ਕਸ਼ਮੀਰ ਵਿਚ ਹਾਲਾਤ ਹੁਣ ਸੁਧਰਦੇ ਨਜ਼ਰ ਆ ਰਹੇ ਹਨ। ਸਰਕਾਰ ਦੀ ਸਖ਼ਤੀ ਦਾ ਹੀ ਅਸਰ ਹੈ ਕਿ ਹੁਣ ਇੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ’ਚ ਕਮੀ ਆਈ ਹੈ। ਗ੍ਰਹਿ ਮੰਤਰਾਲਾ ਦੀ ਮੰਨੀਏ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਸਾਲ 2019 ਦੀ ਤੁਲਨਾ ’ਚ 88 ਫ਼ੀਸਦੀ ਦੀ ਕਮੀ ਆਈ ਹੈ। 

ਗ੍ਰਹਿ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2019 ਵਿਚ ਜਨਵਰੀ ਤੋਂ ਜੁਲਾਈ ਦੌਰਾਨ ਘਾਟੀ ਵਿਚ ਪਥਰਾਅ ਦੀਆਂ 618 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। 2020 ਵਿਚ ਇਸ ਸਮੇਂ ਦੌਰਾਨ ਅਜਿਹੀਆਂ 222 ਘਟਨਾਵਾਂ ਹੋਈਆਂ ਅਤੇ 2021 ’ਚ ਪੱਥਰਬਾਜ਼ੀ ਦੀਆਂ ਸਿਰਫ 76 ਘਟਨਾਵਾਂ ਹੋਈਆਂ। ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਜ਼ਖਮੀ ਹੋਣ ਵਾਲੇ ਸੁਰੱਖਿਆ ਦਸਤਿਆਂ ਦੇ ਜਵਾਨਾਂ ਅਤੇ ਨਾਗਰਿਕਾਂ ਦੀ ਗਿਣਤੀ ਵੀ 93 ਫ਼ੀਸਦੀ ਤੋਂ ਘੱਟ ਕੇ 84 ਫ਼ੀਸਦੀ ਹੋ ਗਈ ਹੈ। ਸਾਲ 2019 ’ਚ ਜਿੱਥੇ ਇਹ ਅੰਕੜਾ 339 ਸੀ ਤਾਂ ਉੱਥੇ ਹੀ ਇਸ ਸਾਲ ਇਹ ਸਿਰਫ਼ 25 ਰਹਿ ਗਿਆ ਹੈ।

ਅੰਕੜਿਆਂ ਮੁਤਾਬਕ ਸਾਲ 2019 ਦੇ ਜਨਵਰੀ ਤੋਂ ਜੁਲਾਈ ਮਹੀਨੇ ਦਰਮਿਆਨ ਜਿੱਥੇ ਸਿਰਫ਼ 82 ਅੱਤਵਾਦੀ ਫੜੇ ਗਏ ਸਨ, ਤਾਂ ਉੱਥੇ ਹੀ ਇਸ ਸਾਲ ਹੁਣ ਤੱਕ 178 ਅੱਤਵਾਦੀਆਂ ਨੂੰ ਫੜਿਆ ਜਾ ਚੁੱਕਿਆ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੀ ਅਪਰਾਧ ਜਾਂਚ ਮਹਿਕਮੇ ਨੇ ਹਾਲ ਹੀ ’ਚ ਪੱਥਰਬਾਜ਼ੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਉਨ੍ਹਾਂ ਲੋਕਾਂ  ਨੂੰ ਪਾਸਪੋਰਟ ਅਤੇ ਸਰਕਾਰੀ ਨੌਕਰੀ ਲਈ ਜ਼ਰੂਰੀ ਸੁਰੱਖਿਆ ਮਨਜ਼ੂਰੀ ਪੱਤਰ ਨਾ ਦੇਣ ਦਾ ਹੁਕਮ ਦਿੱਤਾ ਸੀ।


Tanu

Content Editor

Related News