ਰਾਮ ਮੰਦਰ ’ਚ ‘ਪ੍ਰਾਣ ਪ੍ਰਤਿਸ਼ਠਾ’ ਤੋਂ ਪਹਿਲਾਂ ਪਥਰਾਅ ਕਰਨ ਵਾਲਿਆਂ ’ਤੇ ਹੁਣ ਬੁਲਡੋਜ਼ਰ ਐਕਸ਼ਨ
Wednesday, Jan 24, 2024 - 01:25 PM (IST)
ਮੁੰਬਈ- ਮੁੰਬਈ ਦੀ ਮੀਰਾ ਰੋਡ ’ਤੇ 21 ਜਨਵਰੀ ਨੂੰ ਹੋਈ ਹਿੰਸਾ ਦੇ ਸਬੰਧ ’ਚ ਮਹਾਰਾਸ਼ਟਰ ਸਰਕਾਰ ਨੇ ਬੁਲਡੋਜ਼ਰ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੀਰਾ ਰੋਡ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਨਯਾ ਨਗਰ ’ਚ ਦੋਸ਼ੀਆਂ ਖਿਲਾਫ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ ਹੈ।
ਅਯੁੱਧਿਆ ਵਿੱਚ ਰਾਮ ਮੰਦਰ ’ਚ ‘ਪ੍ਰਾਣ ਪ੍ਰਤਿਸ਼ਠਾ’ ਤੋਂ ਇੱਕ ਦਿਨ ਪਹਿਲਾਂ 21 ਜਨਵਰੀ ਦੀ ਰਾਤ ਨੂੰ ਸ਼੍ਰੀ ਰਾਮ ਦੇ ਝੰਡੇ ਲੈ ਕੇ ਜਾ ਰਹੇ ਵਾਹਨਾਂ ਦੀ ਭੰਨਤੋੜ ਕੀਤੀ ਗਈ ਸੀ ਤੇ ਪੱਥਰਾਅ ਕੀਤਾ ਗਿਆ ਸੀ। ਉਦੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਸੀ।
ਫੜਨਵੀਸ ਨੇ ਕਿਹਾ ਸੀ ਕਿ ਇਲਾਕੇ ’ਚ ਗੈਰ-ਕਾਨੂੰਨੀ ਨਿਰਮਾਣ ਅਤੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਦੋਂ ਹਿੰਸਾ ਹੋਈ ਤਾਂ ਉਨ੍ਹਾਂ ਪੁਲਸ ਕਮਿਸ਼ਨਰ ਮਧੂਕਰ ਪਾਂਡੇ ਨੂੰ ਤਲਬ ਕੀਤਾ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਪੁਲਸ ਨੇ 4 ਨਾਬਾਲਗਾਂ ਸਮੇਤ ਕੁੱਲ 17 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਸੀ।