ਤ੍ਰਿਪੁਰਾ: ਭਾਜਪਾ ਵਰਕਰਾਂ ਨੇ ਬੁਲਡੋਜ਼ਰ ਨਾਲ ਤੋੜੀ ਵਲਾਦਿਮੀਰ ਲੇਨਿਨ ਦੀ ਮੂਰਤੀ

Tuesday, Mar 06, 2018 - 10:50 AM (IST)

ਤ੍ਰਿਪੁਰਾ: ਭਾਜਪਾ ਵਰਕਰਾਂ ਨੇ ਬੁਲਡੋਜ਼ਰ ਨਾਲ ਤੋੜੀ ਵਲਾਦਿਮੀਰ ਲੇਨਿਨ ਦੀ ਮੂਰਤੀ

ਤ੍ਰਿਪੁਰਾ— ਇੱਥੇ ਭਾਜਪਾ ਦੇ ਜਿੱਤਣ ਤੋਂ ਬਾਅਦ ਰਾਜ ਦੇ ਲਗਭਗ ਹਰ ਇਲਾਕੇ ਤੋਂ ਭੰਨ-ਤੋੜ ਅਤੇ ਕੁੱਟਮਾਰ ਦੀ ਖਬਰ ਆ ਰਹੀ ਹੈ। ਸਾਊਥ ਤ੍ਰਿਪੁਰਾ ਜ਼ਿਲੇ ਦੇ ਬੇਲੋਨੀਆ ਸਬ ਡਿਵੀਜ਼ਨਲ ਤੋਂ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਥੇ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੇਨਿਨ ਦੀ ਮੂਰਤੀ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ ਗਏ। ਦੋਸ਼ ਹੈ ਕਿ ਭਾਜਪਾ ਸਮਰਥਕਾਂ ਨੇ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਦੇ ਨਾਇਕ ਦੀ ਮੂਰਤੀ ਨੂੰ ਢਾਹ ਦਿੱਤਾ। ਨਾਇਕ ਲੇਨਿਨ ਦੀ ਮੂਰਤੀ ਤੋੜੇ ਜਾਣ ਦੇ ਬਾਅਦ ਤੋਂ ਖੱਬੇ ਪੱਖੀ ਦਲ ਅਤੇ ਉਨ੍ਹਾਂ ਦੇ ਉਮੀਦਵਾਰ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਤ੍ਰਿਪੁਰਾ ਰਾਜ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਰਾਜ ਦੇ ਕਈ ਇਲਾਕਿਆਂ ਤੋਂ ਭੰਨ-ਤੋੜ ਅਤੇ ਕੁੱਟਮਾਰ ਦੀਆਂ ਖਬਰਾਂ ਆ ਰਹੀਆਂ ਹਨ। 25 ਸਾਲਾਂ ਤੋਂ ਸੱਤਾ 'ਚ ਕਾਬਜ਼ ਰਹੀ ਸੀ.ਪੀ.ਆਈ. (ਐੱਮ) ਦੋਸ਼ ਲੱਗਾ ਰਹੀ ਹੈ ਕਿ ਭਾਜਪਾ-ਆਈ.ਪੀ.ਐੱਫ.ਟੀ. ਵਰਕਰ ਹਿੰਸਾ 'ਤੇ ਉਤਾਰੂ ਹੋ ਚੁਕੇ ਹਨ। ਉਹ ਨਾ ਸਿਰਫ ਖੱਬੇ ਪੱਖੀ ਦਫ਼ਤਰਾਂ 'ਚ ਭੰਨ-ਤੋੜ ਕਰ ਰਹੇ ਹਨ ਸਗੋਂ ਵਰਕਰਾਂ ਦੇ ਘਰ 'ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਕ ਨਿਊਜ਼ ਚੈਨਲ ਅਨੁਸਾਰ ਤ੍ਰਿਪੁਰਾ ਦੇ ਐੱਸ.ਪੀ. ਕਮਲ ਚੱਕਰਵਤੀ (ਪੁਲਸ ਕੰਟਰੋਲ) ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਦੁਪਹਿਰ ਕਰੀਬ 3.30 ਵਜੇ ਭਾਜਪਾ ਸਮਰਥਕਾਂ ਨੇ ਬੁਲਡੋਜ਼ਰ ਦੀ ਮਦਦ ਨਾਲ ਚੌਰਾਹੇ 'ਤੇ ਲੱਗੀ ਲੇਨਿਨ ਦੀ ਮੂਰਤੀ ਢਾਹ ਦਿੱਤੀ। ਐੱਸ.ਪੀ. ਅਨੁਸਾਰ ਭਾਜਪਾ ਸਮਰਥਕਾਂ ਨੇ ਬੁਲਡੋਜ਼ਰ ਡਰਾਈਵਰ ਨੂੰ ਸ਼ਰਾਬ ਪਿਲਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੁਲਡੋਜ਼ਰ ਨੂੰ ਸੀਜ ਕਰ ਦਿੱਤਾ ਹੈ। ਮੂਰਤੀ ਤੋੜਨ ਦੀ ਘਟਨਾ 'ਤੇ ਸੀ.ਪੀ.ਐੱਮ. ਦੀ ਪ੍ਰਤੀਕਿਰਿਆ ਆਈ ਹੈ। ਸੀ.ਪੀ.ਐੱਮ. ਨੇ ਟਵੀਟ ਕੀਤਾ,''ਤ੍ਰਿਪੁਰਾ 'ਚ ਚੋਣਾਂ ਜਿੱਤਣ ਤੋਂ ਬਾਅਦ ਹੋਈ ਹਿੰਸਾ ਪ੍ਰਧਾਨ ਮੰਤਰੀ ਦੇ ਲੋਕਤੰਤਰ 'ਤੇ ਭਰੋਸੇ ਦੇ ਦਾਅਵੇ ਦਾ ਮਜ਼ਾਕ ਹੈ।'' ਨਾਲ ਹੀ ਖੱਬੇ ਪੱਖੀ ਉਮੀਦਵਾਰਾਂ ਅਤੇ ਦਫ਼ਤਰਾਂ 'ਤੇ ਹੋਏ ਹਮਲਿਆਂ ਦੀ ਲਿਸਟ ਜਾਰੀ ਕਰਦੇ ਹੋਏ ਪੀ.ਐੱਮ. ਨਰਿੰਦਰ ਮੋਦੀ ਅਤੇ ਭਾਜਪਾ 'ਤੇ ਉਨ੍ਹਾਂ ਦੇ ਵਰਕਰਾਂ ਨੂੰ ਡਰਾਉਣ ਅਤੇ ਉਨ੍ਹਾਂ ਦੇ ਮਨ 'ਚ ਡਰ ਪੈਦਾ ਕਰਨ ਦਾ ਦੋਸ਼ ਲਗਾਇਆ ਹੈ।


Related News