62 ਸਾਲ ਪਹਿਲਾਂ ਤਾਮਿਲਨਾਡੂ ਦੇ ਮੰਦਰ ਤੋਂ ਚੋਰੀ ਹੋਈ ਭਗਵਾਨ ਨਟਰਾਜ ਦੀ ਮੂਰਤੀ ਅਮਰੀਕਾ 'ਚ ਮਿਲੀ

09/06/2022 11:04:21 AM

ਚੇਨਈ (ਭਾਸ਼ਾ)- ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ਦੇ ਅਰੁਲਮਿਗੂ ਵੇਦਪੁਰੇਸ਼ਵਰ ਮੰਦਰ ਤੋਂ 62 ਸਾਲ ਪਹਿਲਾਂ ਚੋਰੀ ਹੋਈ ਭਗਵਾਨ ਨਟਰਾਜ ਦੀ ਮੂਰਤੀ ਅਮਰੀਕਾ ਦੇ ਨਿਊਯਾਰਕ 'ਚ ਮਿਲੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਤਾਮਿਲਨਾਡੂ ਪੁਲਸ ਦੀ ਕ੍ਰਾਈਮ ਜਾਂਚ ਬ੍ਰਾਂਚ (ਸੀ.ਆਈ.ਡੀ.) ਦੇ ਮੂਰਤੀ ਸੈੱਲ ਨੇ ਦਿੱਤੀ। ਕੁਝ ਚੋਰਾਂ ਨੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਦੁਆਰਾ ਸੰਚਾਲਿਤ 2,000 ਸਾਲ ਪੁਰਾਣੇ ਅਰੁਲਮਿਗੂ ਵੇਦਪੁਰੇਸ਼ਵਰ ਮੰਦਰ 'ਚੋਂ ਮੂਰਤੀ ਚੋਰੀ ਕਰ ਲਈ। ਇਕ ਸਤੰਬਰ ਨੂੰ, ਤਿਰੂਵੇਧਿਕੁਡੀ ਪਿੰਡ ਦੇ ਐੱਸ. ਵੈਂਕਟਚਲਮ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸੀ.ਆਈ.ਡੀ. ਦੇ ਮੂਰਤੀ ਸੈੱਲ ਨੇ ਜਾਂਚ ਸ਼ੁਰੂ ਕੀਤੀ ਉਦੋਂ ਪਤਾ ਲੱਗਾ ਕਿ ਮੰਦਰ 'ਚ ਨਟਰਾਜ ਦੀ ਮੂਰਤੀ ਨਕਲੀ ਸੀ ਅਤੇ ਅਸਲੀ ਮੂਰਤੀ ਗਾਇਬ ਸੀ।

ਇਹ ਵੀ ਪੜ੍ਹੋ : ਖ਼ੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਦਰ-ਦਰ ਭਟਕ ਰਿਹੈ ਓਮ ਪ੍ਰਕਾਸ਼, ਜਾਣੋ ਪੂਰਾ ਮਾਮਲਾ

ਇਸ ਤੋਂ ਬਾਅਦ ਜਾਂਚ ਟੀਮ ਨੇ ਪੁਡੂਚੇਰੀ ਦੇ ਇੰਡੋ-ਫਰਾਂਸੀਸੀ ਇੰਸਟੀਚਿਊਟ ਤੋਂ ਮੂਰਤੀ ਦੀਆਂ ਅਸਲੀ ਤਸਵੀਰਾਂ ਮੰਗੀਆਂ। ਮੂਰਤੀ ਦੀਆਂ ਅਸਲ ਤਸਵੀਰਾਂ ਮਿਲਣ ਤੋਂ ਬਾਅਦ, ਸੀ.ਆਈ.ਡੀ. ਦੇ ਆਈਡਲ ਸੈੱਲ ਨੇ ਵੱਖ-ਵੱਖ ਅਜਾਇਬ ਘਰਾਂ, ਕਲਾਕ੍ਰਿਤੀਆਂ ਦੇ ਸੰਗ੍ਰਹਿ ਕਰਨ ਵਾਲੇ ਬਰੋਸ਼ਰ ਅਤੇ ਨਿਲਾਮੀ ਘਰਾਂ ਦੀਆਂ ਵੈੱਬਸਾਈਟਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਖੋਜ ਤੋਂ ਬਾਅਦ ਟੀਮ ਨੂੰ ਨਿਊਯਾਰਕ ਦੇ ਏਸ਼ੀਆ ਸੋਸਾਇਟੀ ਮਿਊਜ਼ੀਅਮ 'ਚ ਭਗਵਾਨ ਨਟਰਾਜ ਦੀ ਅਸਲੀ ਮੂਰਤੀ ਮਿਲੀ। ਸੀ.ਆਈ.ਡੀ. ਦੇ ਮੂਰਤੀ ਸੈੱਲ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਯੂਨੈਸਕੋ ਸਮਝੌਤੇ ਤਹਿਤ ਮੂਰਤੀ ਨੂੰ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇੱਥੇ ਲਿਆਉਣ ਤੋਂ ਬਾਅਦ ਮੂਰਤੀ ਨੂੰ ਮੰਦਰ ਵਿਚ ਮੁੜ ਸਥਾਪਿਤ ਕੀਤਾ ਜਾਵੇਗਾ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੰਦਰ 'ਚੋਂ ਹੋਰ ਮੂਰਤੀਆਂ ਚੋਰੀ ਤਾਂ ਨਹੀਂ ਹੋਈਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News