ਤਿਰੂਪਤੀ ਮੰਦਰ ''ਚ ਮਚੀ ਭਗਦੜ, ਕਈ ਸ਼ਰਧਾਲੂਆਂ ਦੀ ਮੌਤ
Wednesday, Jan 08, 2025 - 10:22 PM (IST)
ਨੈਸ਼ਨਲ ਡੈਸਕ - ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਰ ਦੇ ਵੈਕੁੰਠ ਦੁਆਰ ਦਰਸ਼ਨ ਟਿਕਟ ਕੇਂਦਰਾਂ ਨੇੜੇ ਬੁੱਧਵਾਰ ਨੂੰ ਮਚੀ ਭਗਦੜ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਦਰਅਸਲ, ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਵੈਕੁੰਠ ਦੁਆਰ ਦਰਸ਼ਨ ਟੋਕਨ ਲਈ ਤਿਰੂਪਤੀ ਦੇ ਵੱਖ-ਵੱਖ ਟਿਕਟ ਕੇਂਦਰਾਂ 'ਤੇ ਕਤਾਰਾਂ 'ਚ ਖੜ੍ਹੇ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਰਧਾਲੂਆਂ ਨੂੰ ਬੈਰਾਗੀ ਪੱਟੀਡਾ ਪਾਰਕ 'ਚ ਕਤਾਰ ਲਗਾਉਣ ਦੀ ਇਜਾਜ਼ਤ ਦਿੱਤੀ ਗਈ। ਵੈਕੁੰਠ ਦੁਆਰ ਦਰਸ਼ਨ ਦਸ ਦਿਨਾਂ ਲਈ ਖੁੱਲ੍ਹੇ ਹਨ, ਜਿਸ ਕਾਰਨ ਹਜ਼ਾਰਾਂ ਲੋਕ ਟੋਕਨ ਲੈਣ ਲਈ ਇਕੱਠੇ ਹੋ ਰਹੇ ਹਨ।
ਭਗਦੜ ਕਾਰਨ ਹਫੜਾ-ਦਫੜੀ ਮਚ ਗਈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਮੱਲਿਕਾ ਨਾਮ ਦੀ ਇੱਕ ਔਰਤ ਵੀ ਸ਼ਾਮਲ ਹੈ। ਸਥਿਤੀ ਵਿਗੜਦੀ ਦੇਖ ਤਿਰੂਪਤੀ ਪੁਲਸ ਨੇ ਚਾਰਜ ਸੰਭਾਲ ਲਿਆ ਅਤੇ ਸਥਿਤੀ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਰੀਬ 4,000 ਲੋਕ ਦਰਸ਼ਨ ਲਈ ਕਤਾਰ 'ਚ ਖੜ੍ਹੇ ਸਨ। ਮੰਦਰ ਕਮੇਟੀ ਦੇ ਚੇਅਰਮੈਨ ਬੀ.ਆਰ. ਨਾਇਡੂ ਸਥਿਤੀ ਨੂੰ ਲੈ ਕੇ ਹੰਗਾਮੀ ਮੀਟਿੰਗ ਕਰ ਰਹੇ ਹਨ। ਮੀਟਿੰਗ ਤੋਂ ਬਾਅਦ ਉਹ ਮੀਡੀਆ ਨੂੰ ਸੰਬੋਧਨ ਕਰਨਗੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਅਧਿਕਾਰੀਆਂ ਤੋਂ ਫ਼ੋਨ 'ਤੇ ਸਥਿਤੀ ਬਾਰੇ ਜਾਣਕਾਰੀ ਲਈ।