ਮੰਦਰ ਨੇੜੇ ਮਿਲਿਆ 100 ਸਾਲ ਪੁਰਾਣਾ ਖੂਹ, ਪ੍ਰਸ਼ਾਸਨ ਨੇ ਸ਼ੁਰੂ ਕਰਵਾਈ ਖੋਦਾਈ
Friday, Jan 03, 2025 - 01:19 PM (IST)
ਸੰਭਲ- ਯੂ. ਪੀ. ਦੇ ਸੰਭਲ ’ਚ ਮੰਦਰ ਅਤੇ ਬਾਉਲੀ ਮਿਲਣ ਤੋਂ ਬਾਅਦ ਇੱਥੇ ਖੋਦਾਈ ਚੱਲ ਰਹੀ ਹੈ। ਵੀਰਵਾਰ ਨੂੰ ਮਹਿਮੂਦ ਸਰਾਏ ਇਲਾਕੇ ’ਚ ਚਾਮੁੰਡਾ ਮੰਦਰ ਨੇੜੇ 100 ਸਾਲ ਪੁਰਾਣਾ ਖੂਹ ਮਿਲਿਆ। ਇਸ ਦੀ ਸੂਚਨਾ ਮਿਲਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਸ-ਪ੍ਰਸ਼ਾਸਨ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਖੂਹ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਦੋਸ਼ ਹੈ ਕਿ ਇਕ ਧਿਰ ਦੇ ਲੋਕਾਂ ਨੇ ਇਸ ਖੂਹ ਨੂੰ ਪੂਰ ਕੇ ਕਬਜ਼ਾ ਕਰ ਲਿਆ ਹੈ। ਇਸ ਸਬੰਧੀ ਜ਼ਿਲਾ ਮੈਜਿਸਟ੍ਰੇਟ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਪ੍ਰਸ਼ਾਸਨ ਨੇ ਖੂਹ ਪੁੱਟਣ ਦੇ ਹੁਕਮ ਦਿੱਤੇ ਹਨ।
ਖੋਦਾਈ ਦੌਰਾਨ ਅੰਦਰੋਂ ਮਿਲੇ ਖ਼ਤਰੇ ਦੇ ਨਿਸ਼ਾਨ :
ਚੰਦੌਸੀ ਦੇ ਮੁਹੱਲਾ ਲਕਸ਼ਮਣਗੰਜ ਵਿਚ ਪ੍ਰਾਚੀਨ ਬਾਉਲੀ ਦੀ ਖੋਦਾਈ ਵਿਚ ਹੁਣ ਤੱਕ ਪਹਿਲੀ ਮੰਜ਼ਿਲ ਦੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ। ਦੂਜੀ ਮੰਜ਼ਿਲ ਦੀਆਂ ਲੱਗਭਗ 11 ਪੌੜੀਆਂ, ਗੇਟ ਅਤੇ ਅੰਦਰਲਾ ਹਿੱਸਾ ਦਿਖਾਈ ਦੇਣ ਲੱਗਾ ਹੈ। ਬਾਉਲੀ ਵਿਚ 25 ਫੁੱਟ ਖੋਦਾਈ ਤੋਂ ਬਾਅਦ ਕੰਮ ਨੂੰ ਰੋਕ ਦਿੱਤਾ ਗਿਆ, ਅੰਦਰੋਂ ਖ਼ਤਰੇ ਦੇ ਸੰਕੇਤ ਮਿਲ ਰਹੇ ਹਨ।
ਤਿੰਨ ਦਿਨ ਪਹਿਲਾਂ ਸ਼ਹਿਰ ਦੇ ਇਕ ਵਿਅਕਤੀ ਨੇ ਬਾਉਲੀ ਦੇ ਅੰਦਰ ਅਤੇ ਬਾਹਰ ਸ਼ੰਖ ਵਜਾਏ ਸਨ। ਬੁੱਧਵਾਰ ਸ਼ਾਮ ਨੂੰ ਉਹ ਫਿਰ ਬਾਉਲੀ ’ਤੇ ਪਹੁੰਚ ਗਿਆ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਉਥੇ ਖੜ੍ਹੇ ਸਨਾਤਨ ਸੇਵਕ ਸੰਘ ਦੇ ਸੂਬਾਈ ਪ੍ਰਚਾਰ ਮੁਖੀ ਕੌਸ਼ਲ ਕਿਸ਼ੋਰ ਵੰਦੇ ਮਾਤਰਮ ਅਤੇ ਮਨਤੇਸ਼ ਗੁਪਤਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਨੇ ਦੋਵਾਂ ਨਾਲ ਦੁਰਵਿਵਹਾਰ ਕੀਤਾ। ਕਾਫੀ ਦੇਰ ਤੱਕ ਹੰਗਾਮਾ ਜਾਰੀ ਰਿਹਾ ਅਤੇ ਕੁਝ ਸਮੇਂ ਤੱਕ ਖੋਦਾਈ ਦਾ ਕੰਮ ਰੁਕਿਆ ਰਿਹਾ। ਕੌਸ਼ਲ ਕਿਸ਼ੋਰ ਨੇ ਇਸ ਵਿਅਕਤੀ ਖ਼ਿਲਾਫ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ।