ਮਹਾਕੁੰਭ ’ਚ ਸ਼ਰਧਾਲੂਆਂ ਦੀ ਗਿਣਤੀ ’ਤੇ ਰੱਖੀ ਜਾਏਗੀ ਨਜ਼ਰ, AI ਰਾਹੀਂ ਕੀਤੀ ਜਾਏਗੀ ਟ੍ਰੈਕਿੰਗ
Tuesday, Dec 31, 2024 - 03:07 AM (IST)
ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਚੜ੍ਹਦੇ ਮਹੀਨੇ ਹੋਣ ਵਾਲੇ ਮਹਾਂ ਕੁੰਭ ’ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੀ ਨਿਗਰਾਨੀ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਆਰ.ਐੱਫ. ਰਿਸਟਬੈਂਡ ਤੇ ਮੋਬਾਈਲ ਐਪ ਟ੍ਰੈਕਿੰਗ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ। ਹਰ 12 ਸਾਲਾਂ ਬਾਅਦ ਆਯੋਜਿਤ ਹੋਣ ਵਾਲਾ ਇਹ ਵਿਸ਼ਾਲ ਧਾਰਮਿਕ ਸਮਾਗਮ 13 ਜਨਵਰੀ ਤੋਂ ਪ੍ਰਯਾਗਰਾਜ ’ਚ ਸ਼ੁਰੂ ਹੋਵੇਗਾ।
45 ਦਿਨ ਚੱਲਣ ਵਾਲੇ ਇਸ ਸਮਾਗਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੇ ਵੇਰਵੇ ਸਾਂਝੇ ਕਰਦਿਆਂ ਉੱਤਰ ਪ੍ਰਦੇਸ਼ ਦੇ ਮੰਤਰੀ ਸੁਰੇਸ਼ ਖੰਨਾ ਨੇ ਕਿਹਾ ਕਿ ਮਹਾਂਕੁੰਭ ’ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੂੰ ਆਧੁਨਿਕ ਤਕਨਾਲੋਜੀ ਨਾਲ ਕੰਟਰੋਲ ਕੀਤਾ ਜਾਏਗਾ। ਸਰਕਾਰ ਇਕ ਬ੍ਰਹਮ, ਵਿਸ਼ਾਲ ਤੇ ਡਿਜੀਟਲ ਮਹਾਕੁੰਭ ਦੀ ਤਿਆਰੀ ਕਰ ਰਹੀ ਹੈ।
ਤਿਆਰੀਆਂ ’ਚ ਇਕ ਸਮਰਪਿਤ ਵੈੱਬਸਾਈਟ ਤੇ ਐਪ, 11 ਭਾਸ਼ਾਵਾਂ ’ਚ ਏ. ਆਈ. ਸੰਚਾਲਿਤ ਚੈਟਬੋਟਸ, ਲੋਕਾਂ ਅਤੇ ਵਾਹਨਾਂ ਲਈ ਕਿਊ. ਆਰ. ਅਧਾਰਿਤ ਪਾਸ, ਇਕ ਬਹੁ-ਭਾਸ਼ਾਈ ਡਿਜ਼ੀਟਲ ਗੁਆਚਿਆ ਤੇ ਲੱਭਿਆ ਕੇਂਦਰ, ਸਫ਼ਾਈ ਲਈ ਆਈ. ਸੀ. ਅਤੇ ਟੈਂਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ 101 ਸਮਾਰਟ ਪਾਰਕਿੰਗ ਕੇਂਦਰ ਬਣਾਏ ਗਏ ਹਨ।