SSC ਪੇਪਰ ਲੀਕ ਮਾਮਲਾ: ਬਾਲ ਸੁਧਾਰ ਗ੍ਰਹਿ ਭੇਜੇ ਗਏ 8 ਵਿਦਿਆਰਥੀ

Saturday, Mar 24, 2018 - 10:09 AM (IST)

ਮੁੰਬਈ— ਸਟਾਫ ਸਿਲੈਕਸ਼ਨ ਕਮਿਸ਼ਨ (ਐੱਸ.ਐੱਸ.ਸੀ.) ਪ੍ਰੀਖਿਆ ਦੇ ਪੇਪਰ ਲੀਕ ਮਾਮਲੇ 'ਚ 8 ਵਿਦਿਆਰਥੀਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਐੱਸ.ਐੱਸ.ਸੀ. ਵਿਦਿਆਰਥੀਆਂ ਦੇ ਖਿਲਾਫ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐੱਸ.ਐੱਸ.ਸੀ. ਦੀ ਮੇਨਜ਼ ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਬਾਅਦ ਤੋਂ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਮੁੰਬਈ ਦੀ ਅੰਬੋਲੀ ਪੁਲਸ ਨੇ 15 ਸਾਲ ਦੇ 8 ਵਿਦਿਆਰਥੀਆਂ ਦੇ ਖਿਲਾਫ ਸੋਮਵਾਰ ਨੂੰ ਕੇਸ ਦਰਜ ਕੀਤਾ ਸੀ, ਇਨ੍ਹਾਂ ਦੇ ਮੋਬਾਇਲ ਫੋਨ 'ਚ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਪਾਏ ਗਏ ਸਨ। ਇਨ੍ਹਾਂ ਵਿਦਿਆਰਥੀਆਂ ਦੇ ਨਾਲ-ਨਾਲ ਟੀਚਰ ਫਿਰੋਜ਼ ਖਾਨ  (47) ਅਤੇ ਰੋਹਿਤ ਸਿੰਘ (24), ਫਿਰੋਜ਼ ਦੇ ਦਫ਼ਤਰ 'ਚ ਕੰਮ ਕਰਨ ਵਾਲੇ ਇਮਰਾਨ ਸ਼ੇਖ (45) ਅਤੇ ਇਕ ਇੰਜੀਨੀਅਰ ਏ ਹਸਨ (22) ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ।
ਸ਼ੁੱਕਰਵਾਰ ਨੂੰ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਬਾਲ ਸੁਧਾਰ ਗ੍ਰਹਿ ਡੋਂਗਰੀ 'ਚ ਭੇਜ ਦਿੱਤਾ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਸ਼ਨੀਵਾਰ ਨੂੰ ਜ਼ਮਾਨਤ ਲਈ ਅਪੀਲ ਕਰ ਸਕਣਗੇ। ਐੱਸ.ਐੱਸ.ਸੀ. ਬੋਰਡ ਦੇ ਮੁੰਬਈ ਡਿਵੀਜ਼ਨ ਇੰਚਾਰਜ ਸੁਭਾਸ਼ ਬੋਰਸੇ ਨੇ ਕਿਹਾ,''ਇਨ੍ਹਾਂ ਵਿਦਿਆਰਥੀਆਂ ਨੇ ਗਲਤ ਕੰਮ 'ਚ ਹਿੱਸਾ ਲਿਆ, ਇਸ ਦੇ ਖਿਲਾਫ ਕਾਨੂੰਨ ਆਪਣਾ ਕੰਮ ਤਾਂ ਕਰੇਗਾ ਹੀ।'' ਮਹਾਰਾਸ਼ਟਰ ਸਟੇਟ ਬੋਰਡ ਆਫ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜ਼ੂਕੇਸ਼ਨ ਨੇ ਐੱਸ.ਐੱਸ.ਸੀ. ਪੇਪਰ ਲੀਕ ਰੈਕੇਟ ਦੀ ਜਾਂਚ ਕਰਨ ਲਈ ਇਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਦੋਸ਼ੀ ਪਾਏ ਗਏ ਵਿਦਿਆਰਥੀਆਂ ਨੂੰ ਤਿੰਨ ਤੋਂ 5 ਸਾਲ ਤੱਕ ਐੱਸ.ਐੱਸ.ਸੀ. ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ਨੂੰ ਜ਼ਮਾਨਤ ਦਿਵਾਉਣ ਲਈ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕੋਰਟ ਤੋਂ ਜ਼ਮਾਨਤ ਦੇ ਪੇਪਰ ਲਿਆ ਕੇ ਥਾਣੇ 'ਚ ਦੇਣੇ ਹੋਣਗੇ।


Related News