ਗੁਲਮਰਗ ਤੇ ਸੋਨਮਰਗ ਸਮੇਤ ਕਸ਼ਮੀਰ ਵਾਦੀ ’ਚ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ

Sunday, Oct 06, 2024 - 10:10 PM (IST)

ਸ਼੍ਰੀਨਗਰ, (ਯੂ. ਐੱਨ. ਆਈ., ਅਜੇ)- ਬੀਤੇ 24 ਘੰਟਿਆਂ ਦੌਰਾਨ ਗੁਲਮਰਗ ਤੇ ਸੋਨਮਰਗ ਸਮੇਤ ਕਸ਼ਮੀਰ ਵਾਦੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਈ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਜਿਸ ਕਾਰਨ ਐਤਵਾਰ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਵਾਦੀ ਦੇ ਉੱਚੇ ਇਲਾਕਿਆਂ ਜਿਨ੍ਹਾਂ ’ਚ ਸਕੀ ਰਿਜ਼ਾਰਟ, ਗੁਲਮਰਗ ਦੀ ਅਫਰਵਾਤ ਪਰਬਤ ਲੜੀ, ਸੈਰ ਸਪਾਟਾ ਕੇਂਦਰ ਸੋਨਮਰਗ, ਰਾਜ਼ਦਾਨ ਟਾਪ ਤੇ ਪੀਰ ਪੰਜਾਲ ਰੇਂਜ ਸ਼ਾਮਲ ਹਨ, ਵਿਖੇ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਹਲਕੀ ਬਰਫਬਾਰੀ ਹੋਈ। ਇਸ ਕਾਰਨ ਤਾਪਮਾਨ ’ਚ ਗਿਰਾਵਟ ਆਈ। .

ਗੁਲਮਰਗ ਤੇ ਸੋਨਮਰਗ ਦੇ ਆਲੇ-ਦੁਆਲੇ ਦੇ ਪਹਾੜਾਂ ’ਤੇ ਬਰਫਬਾਰੀ ਵੇਖ ਕੇ ਸੈਲਾਨੀ ਕਾਫੀ ਖੁਸ਼ ਹੋਏ। ਸ਼੍ਰੀਨਗਰ ਤੇ ਕਸ਼ਮੀਰ ਵਾਦੀ ਦੇ ਕਈ ਹਿੱਸਿਆਂ ’ਚ ਹਲਕਾ ਮੀਂਹ ਪਿਆ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਮੰਗਲਵਾਰ ਤਕ ਕਸ਼ਮੀਰ ਵਾਦੀ ’ਚ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਸੁਤੰਤਰ ਮੌਸਮ ਨਿਰੀਖਕ ਫੈਜ਼ਾਨ ਆਰਿਫ ਨੇ ਕਿਹਾ ਕਿ ਮੰਗਲਵਾਰ ਤੋਂ ਜੰਮੂ-ਕਸ਼ਮੀਰ ’ਚ ਕਮਜ਼ੋਰ ਵੈਸਟਰਨ ਡਿਸਟਰਬੈਂਸ ਦੇ ਅਾਉਣ ਦੀ ਉਮੀਦ ਹੈ । ਇਸ ਕਾਰਨ ਆਮ ਤੌਰ ’ਤੇ ਬੱਦਲਵਾਈ ਰਹੇਗੀ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ’ਚ ਮੀਂਹ ਪਏਗਾ। ਉੱਚੇ ਇਲਾਕਿਆਂ ’ਚ ਫਿਰ ਤੋਂ ਬਰਫਬਾਰੀ ਹੋ ਸਕਦੀ ਹੈ। ਦਿਨ ਦੇ ਤਾਪਮਾਨ ’ਚ ਕਈ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਵੈਸਟਰਨ ਡਿਸਟਰਬੈਂਸ ਦੇ ਲੰਘਣ ਤੋਂ ਬਾਅਦ ਰਾਤ ਦੇ ਤਾਪਮਾਨ ’ਚ ਵੀ ਕਮੀ ਹੋਵੇਗੀ।

ਗੁਲਮਰਗ ਨੂੰ ਛੱਡ ਕੇ ਕਸ਼ਮੀਰ ਵਾਦੀ ’ਚ ਰਾਤ ਦਾ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਗੁਲਮਰਗ ’ਚ ਤਾਪਮਾਨ ਆਮ ਨਾਲੋਂ 1.8 ਡਿਗਰੀ ਸੈਲਸੀਅਸ ਘੱਟ ਸੀ।


Rakesh

Content Editor

Related News