ਜੰਮੂ-ਕਸ਼ਮੀਰ : ਹਿਰਾਸਤ ''ਚ ਰੱਖੇ ਗਏ ਆਗੂਆਂ ਕੋਲੋਂ 11 ਮੋਬਾਇਲ ਫੋਨ ਬਰਾਮਦ
Sunday, Nov 24, 2019 - 05:59 PM (IST)

ਸ਼੍ਰੀਨਗਰ— ਸ਼੍ਰੀਨਗਰ 'ਚ ਐੱਮ. ਐੱਲ. ਏ. ਹੌਸਟਲ 'ਚ ਹਿਰਾਸਤ ਵਿਚ ਰੱਖੇ ਗਏ ਮੁੱਖ ਧਾਰਾ ਦੇ ਕਈ ਆਗੂਆਂ ਕੋਲੋਂ 11 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜੇਲ ਦੇ ਨਿਯਮਾਂ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਸ ਨੂੰ ਇਸ ਬਾਰੇ ਖੂਫੀਆ ਸੂਚਨਾ ਮਿਲੀ ਸੀ ਕਿ ਵਿਧਾਇਕਾਂ ਦੇ ਹੋਸਟਲ 'ਚ ਰੱਖੇ ਗਏ ਮੋਬਾਇਲ ਫੋਨ ਦਾ ਇਸਤੇਮਾਲ ਕਰ ਰਹੇ ਹਨ। ਇਸ ਹੋਸਟਲ ਨੂੰ ਸਬ-ਜੇਲ 'ਚ ਤਬਦੀਲ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ 11 ਮੋਬਾਇਲ ਫੋਨ ਫੜੇ ਗਏ। ਇਸ ਬਾਰੇ ਪੜਤਾਲ ਜਾਰੀ ਹੈ ਕਿ ਇਹ ਮੋਬਾਇਲ ਫੋਨ ਉੱਥੇ ਕਿਵੇਂ ਪਹੁੰਚੇ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦਾ ਧਾਰਾ 370 ਅਧੀਨ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡੇ ਜਾਣ ਤੋਂ ਬਾਅਦ ਲਗਭਗ 3 ਦਰਜਨ ਆਗੂਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਆਗੂਆਂ ਨੂੰ ਇੱਥੇ ਐੱਮ. ਏ. ਰੋਡ ਨੇੜੇ ਐੱਮ. ਐੱਲ. ਏ. ਹੌਸਟਲ 'ਚ ਰੱਖਿਆ ਗਿਆ ਹੈ।