ਸਪੂਤਨਿਕ-ਵੀ ਕੋਈ ਲੈਣ ਵਾਲਾ ਨਹੀਂ, ਕੋਵੈਕਸੀਨ ਦੀ ਭਾਰੀ ਕਮੀ, ਹੁਣ ਕੋਵਿਸ਼ੀਲਡ ਦਾ ਹੀ ਆਸਰਾ

09/04/2021 10:26:42 AM

ਨਵੀਂ ਦਿੱਲੀ— ਭਾਰਤ ਵਿਚ 31 ਅਗਸਤ ਦੀ ਅੱਧੀ ਰਾਤ ਤੱਕ ਕੋਵਿਡ-19 ਟੀਕਿਆਂ ਦੀਆਂ 65 ਕਰੋੜ 40 ਲੱਖ ਦੇ ਲਗਭਗ ਖੁਰਾਕਾਂ ਲਾਈਆਂ ਗਈਆਂ ਜੋ 8 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਇਕ ਰਿਕਾਰਡ ਹੈ ਪਰ ਭਾਰਤ ਦੇ ਕੋਵਿਡ ਟੀਕਾਕਰਨ ਪ੍ਰੋਗਰਾਮ ਦਾ ਪੂਰਾ ਭਾਰ ਕੋਵਿਸ਼ੀਲਡ ’ਤੇ ਪੈ ਗਿਆ ਹੈ। 65 ਕਰੋੜ 40 ਲੱਖ ਟੀਕਿਆਂ ਵਿਚੋਂ 57 ਕਰੋੜ ਤੋਂ ਵੱਧ ਟੀਕੇ ਕੋਵਿਸ਼ੀਲਡ ਦੇ ਹੀ ਲਾਏ ਗਏ ਹਨ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਬਾਇਓਟੈੱਕ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਇਕ ਮਹੀਨੇ ’ਚ ਦੋ ਕਰੋੜ ਅਤੇ ਮਈ-ਜੂਨ ਦੌਰਾਨ 5 ਕਰੋੜ ਟੀਕਿਆਂ ਦੀ ਸਪਲਾਈ ਕਰੇਗਾ ਪਰ ਇਹ ਗੱਲ ਇਕ ਸੁਪਨਾ ਬਣ ਕੇ ਹੀ ਰਹਿ ਗਈ। ਇਸ ਕਾਰਨ ਕੋਵੈਕਸੀਨ ਦੇ ਸਿਰਫ 7 ਕਰੋੜ 85 ਲੱਖ ਟੀਕੇ ਹੀ ਲੱਗੇ ਹਨ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰੂਸੀ ਸਪੂਤਨਿਕ-ਵੀ ਵੈਕਸੀਨ ਜਿਸ ਨੂੰ ਤਿੰਨ ਮਹੀਨੇ ਪਹਿਲਾਂ ਪੇਸ਼ ਕੀਤਾ ਗਿਆ ਸੀ, ਉਹ ਲੋਕਾਂ ਨੂੰ ਟੀਕਾਕਰਨ ਲਈ ਖਿੱਚਣ ’ਚ ਨਾਕਾਮ ਰਹੀ ਹੈ। ਹੁਣ ਤੱਕ ਇਸ ਦੀਆਂ ਸਿਰਫ 7 ਲੱਖ 49 ਹਜ਼ਾਰ ਖੁਰਾਕਾਂ ਵਿਚੋਂ ਵਧੇਰੇ ਨੂੰ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕੁਝ ਹੋਰ ਸੂਬਿਆਂ ’ਚ ਲਾਇਆ ਗਿਆ ਹੈ। ਮਹਾਰਾਸ਼ਟਰ ’ਚ ਇਸ ਦੀਆਂ 1 ਲੱਖ ਤੋਂ ਵੀ ਘੱਟ ਖੁਰਾਕਾਂ ਦਿੱਤੀਆਂ ਗਈਆਂ ਹਨ। ਸਪੂਤਨਿਕ-ਵੀ ਟੀਕੇ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਹੋਰਨਾਂ ਅਦਾਰਿਆਂ ਵਲੋਂ ਹੀ ਲਾਇਆ ਜਾਂਦਾ ਹੈ। ਉਥੇ ਰੂਸੀ ਟੀਕੇ ਪ੍ਰਤੀ ਲੋਕਾਂ ਦੀ ਕਮਜ਼ੋਰ ਪ੍ਰਤੀਕਿਰਿਆ ਦੇ ਪਿੱਛੇ ਪਹੁੰਚ ਕੇ ਨਾਲ-ਨਾਲ ਕੀਮਤ ਮੁੱਖ ਵਿਸ਼ਾ ਹੈ। 22 ਮਈ ਨੂੰ ਪ੍ਰੋਗਰਾਮ ਸ਼ੁਰੂ ਹੋਣ ਪਿੱਛੋਂ ਰੈਡੀਜ਼ ਲੈਬਾਰਟਰੀਜ਼ ਭਾਰਤ ਵਿਚ ਸਪੂਤਨਿਕ-ਵੀ ਲਈ ਅਧਿਕਾਰਤ ਸਪਲਾਈ ਏਜੰਸੀ ਹੈ।

ਸਰਕਾਰੀ ਸੂਤਰਾਂ ਨੇ ਮੰਨਿਆ ਕਿ ਪੁਣੇ ਦੇ ਸੀਰਮ ਇੰਸਟੀਚਿਊਟ ਨੇ ਪਿਛਲੇ ਸਾਲ ਮਹਾਮਾਰੀ ਦੌਰਾਨ ਅਗਵਾਈ ਹੀ ਨਹੀਂ ਕੀਤੀ ਸਗੋਂ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜੈਨੇਕਾ ਨਾਲ ਮਿਲ ਕੇ ਕੋਵਿਸ਼ੀਲਡ ਲਈ ਭਾਰੀ ਨਿਵੇਸ਼ ਕੀਤਾ ਸੀ। ਇੰਝ ਨਾ ਕੀਤਾ ਜਾਂਦਾ ਤਾਂ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਉਸ ਤਰ੍ਹਾਂ ਸਫਲ ਨਾ ਹੋਇਆ ਹੁੰਦਾ ਜਿਵੇਂ ਹੁਣ ਹੋਇਆ ਹੈ।

ਸੀਰਮ ਇੰਸਟੀਚਿਊਟ ਸਰਕਾਰ ਨੂੰ 20 ਕਰੋੜ ਖੁਰਾਕਾਂ ਦੀ ਸਪਲਾਈ ਕਰਨ ਲਈ ਤਿਆਰ ਹੈ ਅਤੇ ਇਕ ਨਵੀਂ ਵੈਕਸੀਨ ਕੋਵੈਕਸ ’ਤੇ ਵੀ ਕੰਮ ਕਰ ਰਹੀ ਹੈ। ਸੀਰਮ ਇੰਸਟੀਚਿਊਟ ਨੇ ਪਿਛਲੇ 8 ਮਹੀਨਿਆਂ ਦੌਰਾਨ ਸਰਕਾਰ ਨੂੰ ਰਿਕਾਰਡ 60 ਕਰੋੜ ਖੁਰਾਕ ਦੀ ਸਪਲਾਈ ਕੀਤੀ ਹੈ।


Tanu

Content Editor

Related News