ਤਿੱਖੀ ਬਹਿਸ ਮਗਰੋਂ SPG ਸੋਧ ਬਿੱਲ 2019 ਰਾਜ ਸਭਾ 'ਚ ਹੋਇਆ ਪਾਸ

12/03/2019 5:03:26 PM

ਨਵੀਂ ਦਿੱਲੀ— ਰਾਜ ਸਭਾ 'ਚ ਅੱਜ ਭਾਵ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਜੀ. ਪੀ.) ਸੋਧ ਬਿੱਲ 2019 ਪੇਸ਼ ਕੀਤਾ। ਤਿੱਖੀ ਬਹਿਸ ਮਗਰੋਂ ਰਾਜ ਸਭਾ ਵਲੋਂ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਲੋਕ ਸਭਾ 'ਚ ਇਸ ਬਿੱਲ ਨੂੰ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਸੀ। ਬਿੱਲ 'ਤੇ ਵੋਟਿੰਗ ਦੌਰਾਨ ਸੰਸਦ 'ਚੋਂ ਕਾਂਗਰਸ ਨੇ ਵਾਕ ਆਊਟ ਕਰ ਲਿਆ। ਇਸ ਬਿੱਲ 'ਤੇ ਰਾਜ ਸਭਾ 'ਚ ਬਹਿਸ ਕੀਤੀ ਗਈ, ਜਿਸ ਦਾ ਜਵਾਬ ਅਮਿਤ ਸ਼ਾਹ ਨੇ ਦਿੱਤਾ।

ਉਨ੍ਹਾਂ ਕਿਹਾ ਕਿ ਸਿਰਫ ਗਾਂਧੀ ਪਰਿਵਾਰ ਦੀ ਹੀ ਸੁਰੱਖਿਆ ਦੀ ਗੱਲ ਕਿਉਂ? ਗਾਂਧੀ ਪਰਿਵਾਰ ਸਮੇਤ ਪੂਰੇ 130 ਕਰੋੜ ਭਾਰਤੀਆਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਗਾਂਧੀ ਪਰਿਵਾਰ ਦੇ ਵਿਰੋਧੀ ਨਹੀਂ ਹਾਂ, ਅਸੀਂ ਪਰਿਵਾਰਵਾਦ ਦੇ ਵਿਰੋਧੀ ਹਾਂ। ਖਤਰੇ ਅਤੇ ਸੁਰੱਖਿਆ ਕਵਰ ਨੂੰ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ, ਐੱਸ. ਪੀ. ਜੀ. ਸੁਰੱਖਿਆ ਸਿਰਫ ਦੇਸ਼ ਦੇ ਮੁਖੀ ਲਈ ਹੋਣੀ ਚਾਹੀਦੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਐੱਸ. ਪੀ. ਜੀ. ਕਾਨੂੰਨ 'ਚ ਸੋਧ ਗਾਂਧੀ ਪਰਿਵਾਰ ਨੂੰ ਧਿਆਨ 'ਚ ਰੱਖ ਕੇ ਨਹੀਂ ਕੀਤਾ ਜਾ ਰਿਹਾ ਹੈ। ਜਦੋਂ ਡਾ. ਮਨਮੋਹਨ ਸਿੰਘ ਅਤੇ ਹੋਰ ਸਾਬਕਾ ਪ੍ਰਧਾਨ ਮੰਤਰੀਆਂ ਦੀ ਐੱਸ. ਪੀ. ਜੀ. ਸੁਰੱਖਿਆ ਵਾਪਸ ਲਈ ਗਈ ਸੀ ਤਾਂ ਕੋਈ ਚਰਚਾ ਨਹੀਂ ਹੋਈ ਸੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਕੇਂਦਰ ਸਰਕਾਰ ਨੇ ਗਾਂਧੀ ਪਰਿਵਾਰ ਤੋਂ ਐੱਸ. ਜੀ. ਪੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਵਾਪਸ ਲੈ ਲਈ ਸੀ। ਇਸ ਲਈ ਉਨ੍ਹਾਂ ਨੂੰ ਦੂਜੀ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਨੂੰ ਐੱਸ. ਪੀ. ਜੀ. ਸੁਰੱਖਿਆ ਦੀ ਥਾਂ 'ਤੇ ਸੀ. ਆਰ. ਪੀ. ਐੱਫ. ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ।


Tanu

Content Editor

Related News