ਕਰਨਾਟਕ ’ਚ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਬਕਵਾਸ: ਯੇਦੀਯੁਰੱਪਾ
Friday, May 28, 2021 - 04:34 AM (IST)

ਬੇਂਗਲੁਰੂ - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸੂਬੇ ’ਚ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਨੂੰ ਬਕਵਾਸ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਪੂਰਾ ਧਿਆਨ ਇੱਥੇ ਕੋਰੋਨਾ ਇਨਫੈਕਸ਼ਨ ਨੂੰ ਕੰਟਰੋਲ ਕਰਨ ਦੇ ਉਪਰਾਲਿਆਂ ’ਤੇ ਹੈ।
ਦਰਅਸਲ ਇਕ ਦਿਨ ਪਹਿਲਾਂ ਹੀ ਸੂਬੇ ਦੇ ਕਈ ਭਾਜਪਾ ਵਿਧਾਇਕਾਂ ਨੇ ਕਿਹਾ ਸੀ ਕਿ ਸੂਬੇ ’ਚ ਲੀਡਰਸ਼ਿਪ ਤਬਦੀਲੀ ਹੋ ਸਕਦੀ ਹੈ ਅਤੇ ਇਸ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਇਸ ਸਮੇਂ ਮੇਰੇ ਸਾਹਮਣੇ ਕੋਰੋਨਾ ਨਾਲ ਨਜਿੱਠਣ ਦੀ ਚੁਣੌਤੀ ਹੈ ਅਤੇ ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੀ ਜਾਨ ਬਚਾਉਣਾ ਮੇਰੀ ਤਰਜੀਹ ਹੈ।
ਉਹ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 57ਵੀਂ ਪਵਿੱਤਰ ਬਰਸੀ ’ਤੇ ਆਯੋਜਿਤ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਆਏ ਸਨ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ’ਚ ਉਨ੍ਹਾਂ ਨੇ ਇਹ ਗੱਲ ਕਹੀ ਹੈ।
ਇਹ ਪੁੱਛੇ ਜਾਣ ’ਤੇ ਕਿ ਕੁਝ ਵਿਧਾਇਕਾਂ ਨੇ ਲਾਬੀ ਬਣਾ ਕੇ ਉਨ੍ਹਾਂ ਨੂੰ ਹਟਾਉਣ ਲਈ ਦਿੱਲੀ ਦਾ ਰੁਖ਼ ਕੀਤਾ ਸੀ ਤਾਂ ਯੇਦੀਯੁਰੱਪਾ ਨੇ ਕਿਹਾ ਕਿ ਜੇਕਰ ਕੋਈ ਕਿਤੇ ਗਿਆ ਸੀ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਹੀ ਜਵਾਬ ਦੇ ਕੇ ਵਾਪਸ ਭੇਜਿਆ ਗਿਆ। ਇਸ ਸਮੇਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਮੇਰੇ ਸਾਹਮਣੇ ਇਸ ਤੋਂ ਇਲਾਵਾ ਕੋਈ ਵੀ ਮਸਲਾ ਨਹੀਂ ਹੈ। ਇਸ ਦਰਮਿਆਨ ਪੱਤਰਕਾਰਾਂ ਦੇ ਸਾਹਮਣੇ ਸੈਰ-ਸਪਾਟਾ ਮੰਤਰੀ ਸੀ. ਪੀ. ਯੋਗੇਸ਼ਵਰਾ ਨੇ ਕਿਹਾ ਕਿ ਇਹ ਗੱਲ ਸੱਚ ਹੈ ਕਿ ਉਹ ਦਿੱਲੀ ਗਏ ਸਨ ਪਰ ਉਹ ਆਪਣੇ ਨਿੱਜੀ ਕੰਮ ਨਾਲ ਗਏ ਸਨ ਅਤੇ ਇਸ ਦਾ ਲੀਡਰਸ਼ਿਪ ਤਬਦੀਲੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।