ਅੱਜ ਦੇ ਦਿਹਾੜੇ ’ਤੇ ਵਿਸ਼ੇਸ਼ : ਜਾਣੋ ਕਿਉਂ ਮਨਾਇਆ ਜਾਂਦਾ ਹੈ ''ਗੁੱਡ ਫ੍ਰਾਈਡੇ''
Friday, Apr 02, 2021 - 12:56 PM (IST)
ਨਵੀਂ ਦਿੱਲੀ—ਭਾਰਤ ਵਿਚ ਹਰ ਵਰਗ ਦੇ ਲੋਕ ਰਹਿੰਦੇ ਹਨ ਅਤੇ ਸੰਵਿਧਾਨ ਵਿਚ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਮਿਲੇ ਹਨ। ਇੱਥੇ ਹਰ ਜਾਤ ਦੇ ਲੋਕ ਅਪਣੇ ਤਿਉਹਾਰ ਅਪਣੇ ਤਰੀਕਿਆਂ ਨਾਲ ਮਨਾਉਂਦੇ ਹਨ। ਇਸਾਈਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਗੁੱਡ ਫ੍ਰਾਈਡੇ ਅਤੇ ਈਸਟਰ ਬਹੁਤ ਮਹੱਤਵਪੂਰਨ ਤਿਉਹਾਰ ਹਨ। ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਗੁੱਡ ਫ੍ਰਾਈਡੇ ਸ਼ੁੱਕਰਵਾਰ ਅਤੇ ਈਸਟਰ ਐਤਵਾਰ ਨੂੰ ਮਨਾਇਆ ਜਾਂਦਾ ਹੈ ਜੋ ਕਿ ਉਨ੍ਹਾਂ ਦੇ ਸਮਾਜ ਲਈ ਬਹੁਤ ਹੀ ਪਵਿੱਤਰ ਸ਼ੁੱਕਰਵਾਰ ਅਤੇ ਐਤਵਾਰ ਵਿਚੋਂ ਇਕ ਹੈ।
ਗੁੱਡ ਫ੍ਰਾਈਡੇ ਦਾ ਇਤਿਹਾਸ
ਗੁੱਡ ਫ੍ਰਾਈਡੇ ਇਕ ਅਜਿਹਾ ਦਿਨ ਸੀ ਜਿਸ ਦਿਨ ਈਸਾ ਮਸੀਹ ਨੂੰ ਸੂਲੀ ‘ਤੇ ਚੜ੍ਹਾਉਣ ਦੀ ਘਟਨਾ ਘਟੀ ਸੀ। ਕਿਹਾ ਜਾਂਦਾ ਹੈ ਕਿ ਮਸੀਹ ਨੇ ਬਹੁਤ ਮੁਸ਼ਕਿਲ ਤਿਆਗ ਅਤੇ ਆਤਮ ਬਲੀਦਾਨ ਕੀਤੇ। ਅੱਜ ਲੋਕ ਉਹਨਾਂ ਦੀ ਸਿੱਖਿਆ ਦੀ ਪਾਲਣਾ ਕਰਦੇ ਹੋਏ ਉਹਨਾਂ ਦੇ ਇਸ ਬਲੀਦਾਨ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਲਈ ਵਰਤ ਰੱਖਦੇ ਹਨ। ਗੁੱਡ ਫ੍ਰਾਈਡੇ ਤੋਂ ਤਿੰਨ ਦਿਨ ਬਾਅਦ ਈਸਾ ਮਸੀਹ ਦੇ ਜਿੰਦਾ ਹੋਣ ਦੀ ਖੁਸ਼ੀ ਵਿਚ ਈਸਟਰ ਮਨਾਇਆ ਜਾਂਦਾ ਹੈ।
ਗੁੱਡ ਫ੍ਰਾਈਡੇ ਦੇ ਤੱਥ
ਇਸਾਈ ਧਰਮ ਅਨੁਸਾਰ ਈਸਾ ਮਸੀਹ ਪਰਮਾਤਮਾ ਦੇ ਪੁੱਤਰ ਹਨ। ਉਹਨਾਂ ਨੂੰ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਸ ਸਮੇਂ ਯਹੂਦੀਆਂ ਦੇ ਕੱਟੜਪੰਥੀ ਰੱਬੀਆਂ ਨੇ ਮਸੀਹ ਦਾ ਪੂਰਾ ਵਿਰੋਧ ਕੀਤਾ। ਅਜਿਹੇ ਵਿਚ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਪੌਂਟੀਅਸ ਪਿਲਾਟੇ ਨੇ ਮਸੀਹ ਨੂੰ ਸੂਲੀ ‘ਤੇ ਚੜ੍ਹਾ ਕੇ ਮਾਰਨ ਦੇ ਹੁਕਮ ਦਿੱਤੇ ਪਰ ਆਪਣੇ ਕਾਤਲਾਂ ਦਾ ਵਿਰੋਧ ਕਰਨ ਦੀ ਬਜਾਏ ਮਸੀਹ ਨੇ ਉਹਨਾਂ ਲਈ ਪ੍ਰਾਰਥਨਾ ਕਰਦੇ ਹੋਏ ਕਿਹਾ, ‘ਹੇ ਪਰਮਾਤਮਾ! ਇਹਨਾਂ ਨੂੰ ਮਾਫ ਕਰਿਓ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ’। ਜਿਸ ਦਿਨ ਈਸਾ ਮਸੀਹ ਨੂੰ ਸੂਲੀ ‘ਤੇ ਚੜ੍ਹਾਇਆ ਗਿਆ ਉਸ ਦਿਨ ਸ਼ੁੱਕਰਵਾਰ ਸੀ। ਇਸ ਕਰਕੇ ਉਸ ਦਿਨ ਨੂੰ ਗੁੱਡ ਫ੍ਰਾਈਡੇ ਕਿਹਾ ਜਾਣ ਲੱਗਿਆ।
ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ
ਗੁੱਡ ਫ੍ਰਾਈਡੇ ਤੋਂ 40 ਦਿਨ ਪਹਿਲਾਂ ਹੀ ਈਸਾਈਆਂ ਦੇ ਘਰਾਂ ਵਿਚ ਪ੍ਰਾਰਥਨਾ ਅਤੇ ਵਰਤ ਸ਼ੁਰੂ ਹੋ ਜਾਂਦੇ ਹਨ। ਇਸ ਵਰਤ ਵਿਚ ਸ਼ਾਕਾਹਾਰੀ ਭੋਜਨ ਖਾਧਾ ਜਾਂਦਾ ਹੈ। ਗੁੱਡ ਫ੍ਰਾਈਡੇ ਵਾਲੇ ਦਿਨ ਲੋਕ ਚਰਚ ਜਾਂਦੇ ਹਨ ਅਤੇ ਮਸੀਹ ਦੀ ਯਾਦ ਵਿਚ ਸੋਗ ਮਨਾਉਂਦੇ ਹਨ। ਇਸਦੇ ਨਾਲ ਹੀ ਗੁੱਡ ਫ੍ਰਾਈਡੇ ਵਾਲੇ ਦਿਨ ਈਸਾ ਦੇ ਆਖਰੀ ਸੱਤ ਵਾਕਾਂ ਦੀ ਵਿਸ਼ੇਸ਼ ਵਿਆਖਿਆ ਕੀਤੀ ਜਾਂਦੀ ਹੈ। ਇਸ ਤੋਂ ਤਿੰਨ ਦਿਨ ਬਾਅਦ ਈਸਾ ਮਸੀਹ ਦੇ ਜਿੰਦਾ ਹੋਣ ਦੀ ਖੁਸ਼ੀ ਵਿਚ ਇਸਾਈ ਲੋਕ ਭੋਜ ਵਿਚ ਭਾਗ ਲੈਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਤੇ ਇਕ ਦੂਜੇ ਨੂੰ ਤੋਹਫ਼ੇ ਦਿੰਦੇ ਹਨ।