ਆਪਣੇ ਵਿਆਹ ''ਚ ਸਮੇਂ ਨਾਲ ਪਹੁੰਚ ਸਕੇ ਜਵਾਨ, BSF ਨੇ ਇਸ ਤਰ੍ਹਾਂ ਪਹੁੰਚਾਇਆ ਘਰ

Friday, Apr 29, 2022 - 12:10 PM (IST)

ਸ਼੍ਰੀਨਗਰ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ. ਐੱਸ. ਐੱਫ.) ਨੇ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੀ ਇਕ ਚੌਂਕੀ ’ਤੇ ਤਾਇਨਾਤ ਇਕ ਜਵਾਨ ਨੂੰ ਏਅਰਲਿਫਟ ਕਰਨ ਲਈ ਵੀਰਵਾਰ ਸਵੇਰੇ ਹੈਲੀਕਾਪਟਰ ‘ਚੀਤਾ’ ਦੀ ਇਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਤਾਂ ਜੋ ਜਵਾਨ ਆਪਣੇ ਵਿਆਹ ਲਈ 2500 ਕਿਲੋਮੀਟਰ ਦੂਰ ਓਡਿਸ਼ਾ ਸਥਿਤ ਆਪਣੇ ਘਰ ’ਚ ਸਮੇਂ ’ਤੇ ਪਹੁੰਚ ਸਕੇ। ਸਰਹੱਦੀ ਸੁਰੱਖਿਆ ਫ਼ੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਛਿਲ ਸੈਕਟਰ ’ਚ ਇਕ ਉਚਾਈ ਵਾਲੀ ਚੌਂਕੀ ’ਤੇ ਤਾਇਨਾਤ 30 ਸਾਲਾ ਕਾਂਸਟੇਬਲ ਨਾਰਾਇਣ ਬੇਹਰਾ ਦਾ ਵਿਆਹ 2 ਮਈ ਨੂੰ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਐੱਲ. ਓ. ਸੀ. ਚੌਕੀ ਬਰਫ਼ ਨਾਲ ਢਕੀ ਹੋਈ ਹੈ ਅਤੇ ਕਸ਼ਮੀਰ ਘਾਟੀ ਨਾਲ ਇਸ ਦਾ ਸੜਕ ਸੰਪਰਕ ਫਿਲਹਾਲ ਬੰਦ ਹੈ। ਇਨ੍ਹਾਂ ਥਾਂਵਾਂ 'ਤੇ ਤਾਇਨਾਤ ਫ਼ੌਜੀਆਂ ਲਈ ਫ਼ੌਜ ਹਵਾਈ ਉਡਾਣ ਹੀ ਆਵਾਜਾਈ ਦਾ ਇਕਮਾਤਰ ਉਪਲੱਬਧ ਸਾਧਨ ਹੈ। 

ਇਹ ਵੀ ਪੜ੍ਹੋ : PM ਮੋਦੀ ਅੱਜ ਆਪਣੇ ਘਰ ਇਕ ਸਿੱਖ ਵਫ਼ਦ ਦੀ ਕਰਨਗੇ ਮੇਜ਼ਬਾਨੀ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ

ਅਧਿਕਾਰੀ ਨੇ ਦੱਸਿਆ ਕਿ ਜਵਾਨ ਦੇ ਮਾਤਾ-ਪਿਤਾ ਨੇ ਹਾਲ ਹੀ 'ਚ ਯੂਨਿਟ ਕਮਾਂਡਰਾਂ ਨਾਲ ਸੰਪਰਕ ਕੀਤਾ। ਉਹ ਚਿੰਤਤ ਸਨ, ਕਿਉਂਕਿ ਉਕਤ ਤਾਰੀਖ਼ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਬੇਟਾ ਆਪਣੇ ਵਿਆਹ ਲਈ ਸਮੇਂ 'ਤੇ ਨਹੀਂ ਪਹੁੰਚ ਸਕੇਗਾ। ਮਾਮਲਾ ਬੀ. ਐੱਸ. ਐੱਫ. ਦੇ ਜਨਰਲ ਇੰਸਪੈਕਟਰ (ਕਸ਼ਮੀਰ ਫਰੰਟੀਅਰ) ਰਾਜਾ ਬਾਬੂ ਸਿੰਘ ਦੇ ਧਿਆਨ ’ਚ ਲਿਆਂਦਾ ਗਿਆ। ਉਨ੍ਹਾਂ ਨੇ ਹੁਕਮ ਦਿੱਤਾ ਕਿ ਸ਼੍ਰੀਨਗਰ 'ਚ ਤਾਇਨਾਤ ਬੀ.ਐੱਸ. ਐੱਫ. ਦੇ ਇਕ ਹੈਲੀਕਾਪਟਰ ਜਿਸ ਦਾ ਨਾਮ 'ਚੀਤਾ' ਹੈ, ਤੁਰੰਤ ਬੇਹਰਾ ਨੂੰ ਏਅਰਲਿਫਟ ਕਰੇ। ਹੈਲੀਕਾਪਟਰ ਵੀਰਵਾਰ ਤੜਕੇ ਬੇਹਰਾ ਨੂੰ ਸ਼੍ਰੀਨਗਰ ਲੈ ਆਇਆ। ਉਹ ਹੁਣ ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਆਦਿਪੁਰ ਪਿੰਡ 'ਚ ਆਪਣੇ ਘਰ ਪਹੁੰਚ ਗਏ ਹਨ। ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹਵਾਈ ਸੇਵਾ ਨੂੰ ਮਨਜ਼ੂਰੀ ਇਸ ਲਈ ਦਿੱਤੀ, ਕਿਉਂਕਿ ਫ਼ੌਜੀਆਂ ਦਾ ਕਲਿਆਣ ਉਨ੍ਹਾਂ ਦੀ 'ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਪਹਿਲ' ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News