ਬਾਗ਼ੀ ਵਿਧਾਇਕਾਂ ਦੀ ਅਯੋਗਤਾ ਸੰਬੰਧੀ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਤੋਂ ਮੰਗੀ ਰਿਪੋਰਟ
Saturday, Oct 14, 2023 - 06:23 PM (IST)
ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਵਿਰੁੱਧ ਸ਼ੁਰੂ ਕੀਤੀ ਅਯੋਗਤਾ ਦੀ ਕਾਰਵਾਈ ਬਾਰੇ ਫ਼ੈਸਲਾ ਕਰਨ ਲਈ ਸਮਾਂ ਸਾਰਣੀ 17 ਅਕਤੂਬਰ ਤੱਕ ਦੱਸਣ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਫ਼ੈਸਲਾ ਲੈਣ ਵਿਚ ਹੋਈ ਦੇਰੀ 'ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ,"ਅਯੋਗਤਾ ਦੀ ਕਾਰਵਾਈ ਨੂੰ ਦਿਖਾਵੇ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।" ਬੈਂਚ ਨੇ ਕਿਹਾ,''ਚੇਅਰਪਰਸਨ ਦਸਵੀਂ ਅਨੁਸੂਚੀ ਦੇ ਤਹਿਤ ਟ੍ਰਿਬਿਊਨਲ ਵਜੋਂ ਕੰਮ ਕਰਦਾ ਹੈ ਅਤੇ ਉਹ ਇਸ ਅਦਾਲਤ ਦੇ ਅਧਿਕਾਰ ਖੇਤਰ 'ਚ ਸੋਧ ਯੋਗ ਹੈ। ਉਸ ਦੇ ਸਾਹਮਣੇ ਕਾਰਵਾਈ ਸਿਰਫ਼ ਪੇਸ਼ੀ ਤੱਕ ਸੀਮਿਤ ਨਹੀਂ ਕੀਤੀ ਜਾਣੀ ਚਾਹੀਦੀ। ਸਾਨੂੰ ਭਰੋਸੇ ਦੀ ਭਾਵਨਾ ਪੈਦਾ ਕਰਨੀ ਪਵੇਗੀ।'' ਜਸਟਿਸ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਇਸ ਅਦਾਲਤ ਦੇ ਹੁਕਮਾਂ ਨੂੰ ਰੱਦ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ਦਾ ਫ਼ੈਸਲਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ
ਬੈਂਚ ਨੇ ਸਾਲੀਸਿਟਰ ਜਨਰਲ ਨੂੰ ਕਿਹਾ,“ਤੁਹਾਨੂੰ ਸਪੀਕਰ ਨੂੰ ਸੂਚਿਤ ਕਰਨਾ ਚਾਹੀਦਾ ਹੈ, ਉਸ ਨੂੰ ਸਮਾਂ-ਸਾਰਣੀ ਤੈਅ ਕਰਨੀ ਪਵੇਗੀ…ਸਾਡਾ ਹੁਕਮ ਲਾਗੂ ਨਹੀਂ ਹੋ ਰਿਹਾ ਹੈ, ਇਹ ਸਾਡੀ ਚਿੰਤਾ ਹੈ।” ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੇ ਇਸ ਮਾਮਲੇ 'ਚ ਫ਼ੈਸਲਾ ਕਰਨ ਲਈ 14 ਜੁਲਾਈ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ 18 ਸਤੰਬਰ ਨੂੰ ਇਸ ਬਾਰੇ ਮੁੜ ਸਮੇਂ-ਸਾਰਣੀ ਤੈਅ ਕਰਨ ਲਈ ਕਿਹਾ ਸੀ। ਬੈਂਚ ਨੇ ਜ਼ੁਬਾਨੀ ਕਿਹਾ,“ਅਸੀਂ ਇਹ ਕਹਿਣ ਲਈ ਪਾਬੰਦ ਹਾਂ ਕਿ ਉਨ੍ਹਾਂ ਨੂੰ ਦੋ ਮਹੀਨਿਆਂ ਦੇ ਅੰਦਰ ਫ਼ੈਸਲਾ ਲੈਣਾ ਪਵੇਗਾ। ਕੋਈ ਨਹੀਂ ਕਹਿ ਰਿਹਾ ਹੈ ਕਿ ਕੀ ਫ਼ੈਸਲਾ ਲੈਣਾ ਹੈ। ਵਿਚਾਰ ਇਹ ਹੈ ਕਿ ਅਗਲੀਆਂ ਚੋਣਾਂ ਤੱਕ ਇਸ ਨੂੰ ਚੱਲਣ ਦਿੱਤਾ ਜਾਵੇ। ਅਸੀਂ ਸਰਕਾਰ ਦੀ ਹਰ ਸ਼ਾਖਾ ਦਾ ਸਨਮਾਨ ਕਰਦੇ ਹਾਂ ਪਰ ਇਸ ਅਦਾਲਤ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।'' ਬੈਂਚ ਨੇ ਸ਼੍ਰੀ ਮਹਿਤਾ ਨੂੰ ਅਯੋਗਤਾ ਪਟੀਸ਼ਨਾਂ 'ਤੇ ਫ਼ੈਸਲਾ ਲੈਣ ਲਈ ਮੰਗਲਵਾਰ ਨੂੰ ਸਮਾਂ ਸਾਰਣੀ ਬਾਰੇ ਸੁਪਰੀਮ ਕੋਰਟ ਨੂੰ ਜਾਣੂ ਕਰਵਾਉਣ ਦਾ ਨਿਰਦੇਸ਼ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8