ਲਖਨਊ ’ਚ ਸਪਾ ਦੇ ਪ੍ਰਦਰਸ਼ਨ ਦੌਰਾਨ ਪੁਲਸ ਤੇ ਵਰਕਰਾਂ ਵਿਚਾਲੇ ਝੜਪ, ਕਈ ਹਿਰਾਸਤ ’ਚ
Saturday, Oct 03, 2026 - 04:34 PM (IST)
ਨੈਸ਼ਨਲ ਡੈਸਕ- ਲਖਨਊ 'ਚ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰ ਰਹੇ ਸਪਾ (ਸਮਾਜਵਾਦੀ ਪਾਰਟੀ) ਵਰਕਰਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ। ਪੁਲਸ ਨੇ ਕਈ ਵਰਕਰਾਂ ਨੂੰ ਹਿਰਾਸਤ ਵਿਚ ਲਿਆ। ਕੁਝ ਨੂੰ ਸੜਕ ’ਤੇ ਸੁੱਟਿਆ ਅਤੇ ਧੂੰਹਦੇ ਹੋਏ ਪੁਲਸ ਵੈਨ ਤੱਕ ਲੈ ਗਈ। ਇਸ ਤੋਂ ਬਾਅਦ ਸਾਰਿਆਂ ਨੂੰ ਈਕੋ ਗਾਰਡਨ ਭੇਜ ਦਿੱਤਾ ਗਿਆ।
ਸਪਾ ਵਰਕਰ ਚੋਣ ਕਮਿਸ਼ਨ ਦੀ ਪ੍ਰਤੀਕਾਤਮਕ ਅਸਥੀ-ਕਲਸ਼ ਯਾਤਰਾ ਕੱਢ ਰਹੇ ਸਨ। ਉਹ ਵੋਟ ਚੋਰੀ ਦਾ ਦੋਸ਼ ਲਗਾਉਂਦੇ ਹੋਏ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧੱਕਾ-ਮੁੱਕੀ ਸ਼ੁਰੂ ਹੋ ਗਈ।
ਪੁਲਸ ਨੇ ਜਦੋਂ ਵਰਕਰਾਂ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਈ ਮਹਿਲਾ ਅਤੇ ਪੁਰਸ਼ ਵਰਕਰ ਸੜਕ ’ਤੇ ਲੇਟ ਗਏ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਉਨ੍ਹਾਂ ਦੇ ਹੱਥ-ਪੈਰ ਫੜ ਕੇ ਚੁੱਕਣ ਲੱਗੇ। ਕੁਝ ਨੂੰ ਧੂਹ ਕੇ ਵੈਨ ਤੱਕ ਲੈ ਜਾਇਆ ਗਿਆ। ਇਕ ਪੁਲਸ ਮੁਲਾਜ਼ਮ ਨੇ ਇਕ ਵਰਕਰ ਨੂੰ ਚੁੱਕ ਕੇ ਵੈਨ ਨੇੜੇ ਸੜਕ ’ਤੇ ਸੁੱਟ ਦਿੱਤਾ।
ਸਪਾ ਵਰਕਰ ਸ਼ੁੱਕਰਵਾਰ ਦੁਪਹਿਰ ਲੱਗਭਗ 12 ਵਜੇ ਜਨਪਥ ਮਾਰਕੀਟ ਨੇੜੇ ਇਕੱਠੇ ਹੋਏ ਸਨ। ਉਹ ਉੱਥੋਂ ਵਿਧਾਨ ਸਭਾ ਵੱਲ ਜਾ ਰਹੇ ਸਨ। ਹਜ਼ਰਤਗੰਜ ਵਿਚ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲਸ ’ਤੇ ਬਦਸਲੂਕੀ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ ਲਗਾਏ। ਇਸ ਦੌਰਾਨ ਕਾਫ਼ੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ।
