CJP ਆਗੂਆਂ ਸੌਰਭ ਦਾਸ ਤੇ ਆਸ਼ੂਤੋਸ਼ ਨੂੰ 5 ਦਿਨਾਂ ਦੀ ਨਿਆਂਇਕ ਹਿਰਾਸਤ ''ਚ ਭੇਜਿਆ ਗਿਆ
Wednesday, Oct 14, 2026 - 11:29 AM (IST)
ਨਵੀਂ ਦਿੱਲੀ (ਏਜੰਸੀ)- ਕਾਕਰੋਚ ਜਨਤਾ ਪਾਰਟੀ (ਸੀਜੇਪੀ) ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਬੁੱਧਵਾਰ ਨੂੰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਅਤੇ ਦੋਵਾਂ ਨੂੰ ਤਿਹਾੜ ਜੇਲ੍ਹ 'ਚ ਰੱਖਿਆ ਗਿਆ ਹੈ। ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਵਲੋਂ ਭਰੇ ਗਏ ਬਾਂਡ ਦੀ ਉਲੰਘਣਾ ਕਰਨ ਅਤੇ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਤੋਂ ਹਟਾਏ ਜਾ ਚੁੱਕੇ ਜੰਤਰ-ਮੰਤਰ 'ਚ ਅਣਅਧਿਕਾਰਤ ਪ੍ਰਵੇਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਅਜਿੰਕਿਆ ਸ਼ਿੰਦੇ ਦੀ ਜ਼ਮਾਨਤ ਸੰਬੰਧੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਤਿੰਨਾਂ ਨੂੰ ਬੁੱਧਵਾਰ ਸਵੇਰੇ ਦੁਬਾਰਾ ਕਾਰਜਕਾਰੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਸ ਸੂਤਰਾਂ ਅਨੁਸਾਰ, ਤਿੰਨਾਂ ਨੂੰ ਮੰਗਲਵਾਰ ਸਵੇਰੇ ਹਿਰਾਸਤ 'ਚ ਲਿਆ ਗਿਆ। ਉਨ੍ਹਾਂ 'ਤੇ ਬੈਰੀਕੇਡ ਤੋੜਨ, ਜੰਤਰ-ਮੰਤਰ ਖੇਤਰ 'ਚ ਬਿਨਾਂ ਇਜਾਜ਼ਤ ਦੇ ਦਾਖਲ ਹੋਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰਨ ਦੇ ਦੋਸ਼ ਹਨ।
ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਸੀਜੇਪੀ ਵਰਕਰਾਂ ਵਿਰੁੱਧ ਵੱਖ-ਵੱਖ ਦੋਸ਼ਾਂ 'ਚ ਕੇਸ ਦਰਜ ਕੀਤਾ ਹੈ, ਜਿਸ 'ਚ ਅਣਅਧਿਕਾਰਤ ਰੂਪ ਨਾਲ ਪ੍ਰਵੇਸ਼ ਕਰਨ, ਮਨਾਹੀ ਦੇ ਹੁਕਮਾਂ ਦੀ ਉਲੰਘਣਾ, ਸ਼ਾਂਤੀ ਬਣਾਈ ਰੱਖਣ ਲਈ ਬਾਂਡ ਦੀਆਂ ਸ਼ਰਤਾਂ ਦੀ ਉਲੰਘਣਾ ਅਤੇ ਇਕ ਸਰਕਾਰੀ ਕਰਮਚਾਰੀ ਨੂੰ ਉਸ ਦੇ ਸਰਕਾਰੀ ਫਰਜ਼ ਨਿਭਾਉਣ ਤੋਂ ਰੋਕਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦਾਸ ਅਤੇ ਰਾਂਕਾ ਨੇ ਸ਼ਨੀਵਾਰ ਨੂੰ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਇਕ ਸਾਲ ਤੱਕ ਸ਼ਾਂਤੀ ਬਣਾਈ ਰੱਖਣ ਲਈ ਇਕ ਬਾਂਡ 'ਤੇ ਦਸਤਖਤ ਕੀਤੇ ਸਨ।
ਇਹ ਕਾਰਵਾਈ ਸੀਜੇਪੀ ਅਤੇ ਹੋਰ ਸੰਗਠਨਾਂ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਕੀਤੇ ਗਏ ਕਈ ਵਿਰੋਧ ਪ੍ਰਦਰਸ਼ਨਾਂ ਅਤੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐੱਸਆਈਆਰ) 'ਚ ਕਥਿਤ ਬੇਨਿਯਮੀਆਂ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਸਖ਼ਤ ਸੁਰੱਖਿਆ ਦੇ ਵਿਚਕਾਰ ਹੋਈ ਹੈ। ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕੇਂਦਰ ਸਰਕਾਰ 'ਤੇ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦਾ ਦੋਸ਼ ਲਗਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
