ਗੋਆ ਜਾਣ ਤੋਂ ਪਹਿਲਾਂ ਸੁਧੀਰ ਦੇ ਘਰ ਠਹਿਰੀ ਸੀ ਸੋਨਾਲੀ ਫੋਗਾਟ, ਗੋਆ ਪੁਲਸ ਖੰਗਾਲੇਗੀ ਉਹੀ ਘਰ

09/04/2022 2:21:14 PM

ਹਿਸਾਰ- ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ’ਚ ਜਿੱਥੇ ਮੁੱਖ ਦੋਸ਼ੀ ਸੁਧੀਰ ਸਾਂਗਵਾਗ ਨੇ ਗੋਆ ਪੁਲਸ ਕਸਟਡੀ ’ਚ ਆਪਣਾ ਜ਼ੁਰਮ ਕਬੂਲ ਕਰ ਲਿਆ। ਉੱਥੇ ਹੀ ਦੂਜੀ ਪਾਸੇ ਸੋਨਾਲੀ ਦਾ ਪਰਿਵਾਰ ਗੋਆ ਪੁਲਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ। ਅੱਜ ਗੋਆ ਪੁਲਸ ਗੁਰੂਗ੍ਰਾਮ ਆਵੇਗੀ। ਸੈਕਟਰ-102 ’ਚ ਇਸ ਸਾਲ ਜੂਨ ਦੇ ਮਹੀਨੇ ਸੋਨਾਲੀ ਦੇ ਪੀ. ਏ. ਸੁਧੀਰ ਨੇ ਇਕ ਫਲੈਟ ਕਿਰਾਏ ’ਤੇ ਲਿਆ ਸੀ, ਜਿਸ ਦੀ ਜਾਂਚ ਅੱਜ ਕੀਤੀ ਜਾਵੇਗੀ। ਗੋਆ ਜਾਣ ਤੋਂ ਪਹਿਲਾਂ ਸੋਨਾਲੀ ਉੱਥੇ ਹੀ ਠਹਿਰੀ ਸੀ। ਪੁਲਸ ਨੇ ਸੋਨਾਲੀ ਦੇ ਪਰਿਵਾਰ ਨੂੰ ਵੀ ਗੁਰੂਗ੍ਰਾਮ ਪਹੁੰਚਣ ਲਈ ਕਿਹਾ ਹੈ। ਉਨ੍ਹਾਂ ਦੀ ਮੌਜੂਦਗੀ ’ਚ ਹੀ ਫਲੈਟ ਖੋਲ੍ਹਿਆ ਜਾਵੇਗਾ।

ਦੱਸ ਦੇਈਏ  ਕਿ ਸੋਨਾਲੀ ਫੋਗਾਟ ਦਾ ਪਰਿਵਾਰ ਹੁਣ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਰੁਖ਼ ਕਰੇਗਾ। ਪਰਿਵਾਰ ਵਲੋਂ ਇਸ ਬਾਰੇ ਸੋਨਾਲੀ ਦੇ ਭਾਣਜੇ ਵਿਕਾਸ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਲੋਂ ਮੰਗਲਵਾਰ ਨੂੰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਪੱਤਰ ਲਿਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਦੋਸ਼ੀ ਸੁਧੀਰ ਅਤੇ ਸੁਖਵਿੰਦਰ ਗੋਆ ਪੁਲਸ ਦੀ ਕਸਟਡੀ ਵਿਚ ਹਨ। ਸੂਤਰਾਂ ਮੁਤਾਬਕ ਗੋਆ ਪੁਲਸ ਨੇ ਇਹ ਵੀ ਕਿਹਾ ਕਿ ਕੋਰਟ ’ਚ ਕਈ ਵਾਰ ਅਪਰਾਧੀ ਮੁੱਕਰ ਵੀ ਜਾਂਦੇ ਹਨ, ਇਸ ਲਈ ਗੋਆ ਪੁਲਸ ਗੋਆ ਤੋਂ ਹਰਿਆਣਾ ਤੱਕ ਸਾਰੇ ਸਬੂਤ ਦੋਹਾਂ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ ਜਮਾਂ ਕਰ ਰਹੀ ਹੈ। 23 ਅਗਸਤ ਨੂੰ ਸੋਨਾਲੀ ਫੋਗਾਟ ਦੀ ਸ਼ੱਕੀ ਹਲਾਤਾਂ ’ਚ ਮੌਤ ਹੋ ਗਈ ਸੀ।


Tanu

Content Editor

Related News