ਪੈਂਚਰ ਲਾਉਣ ਵਾਲੇ ਦਾ ਪੁੱਤ ਦੂਜੀ ਵਾਰ ਬਣਿਆ ''ਆਪ'' ਦਾ ਵਿਧਾਇਕ
Wednesday, Feb 12, 2020 - 11:52 PM (IST)
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਉਥੇ ਹੀ ਦਿੱਲੀ ਦੀ ਜੰਗਪੁਰਾ ਵਿਧਾਨ ਸਭਾ ਸੀਟ ਤੋਂ 16,063 ਵੋਟਾਂ ਦੇ ਵੱਡੇ ਫ਼ਰਕ ਨਾਲ 'ਆਪ' ਆਗੂ ਪ੍ਰਵੀਨ ਕੁਮਾਰ ਜਿੱਤ ਦਰਜ ਕਰ ਦੂਜੀ ਵਾਰ ਵਿਧਾਇਕ ਬਣੇ ਹਨ। ਜਿਨ੍ਹਾਂ ਦਾ ਭੋਪਾਲ ਨਾਲ ਪੁਰਾਣਾ ਕੁਨੈਕਸ਼ਨ ਰਿਹਾ ਹੈ। ਪ੍ਰਵੀਨ ਨੇ ਜਿੱਤ ਤੋਂ ਬਾਅਦ ਮਾਪਿਆਂ ਦਾ ਆਸ਼ੀਰਵਾਦ ਲਿਆ ਤੇ ਟਵੀਟ ਕੀਤਾ। ਦੱਸਣਯੋਗ ਹੈ ਕਿ 'ਆਪ' ਦੇ ਦੂਜੀ ਵਾਰ ਵਿਧਾਇਕ ਬਣੇ ਪ੍ਰਵੀਨ ਕੁਮਾਰ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਪ੍ਰਵੀਨ ਦੇ ਪਿਤਾ ਅੱਜ ਵੀ ਭੋਪਾਲ ਵਿਚ ਪੈਂਚਰ ਦੀ ਦੁਕਾਨ ਚਲਾਉਂਦੇ ਹਨ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਵੀ ਪੁਰਾਣਾ ਸੰਬੰਧ ਨਹੀਂ ਹੈ।
ਇਸ ਤਰ੍ਹਾਂ ਹੋਈ ਪ੍ਰਵੀਨ ਦੇ ਸਿਆਸੀ ਜੀਵਨ ਦੀ ਸ਼ੁਰੂਆਤ
ਸਾਲ 2011 'ਚ ਪ੍ਰਵੀਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਕੀਤੀ ਸੀ। ਇਸ ਤੋਂ ਬਾਅਦ ਪ੍ਰਵੀਨ ਦਾ 'ਆਪ' ਨਾਲ ਗੁੜਾ ਰਿਸ਼ਤਾ ਬਣ ਗਿਆ। ਪ੍ਰਵੀਨ ਨੇ ਭੋਪਾਲ ਦੇ ਟੀ.ਆਈ.ਟੀ ਕਾਲਜ ਤੋਂ 2008 'ਚ ਐਮ.ਬੀ. ਏ. ਕੀਤੀ ਸੀ। ਜਿਸ ਤੋਂ ਬਾਅਦ ਨੌਕਰੀ ਕਰਨ ਲਈ ਉਹ ਦਿੱਲੀ ਆਇਆ ਸੀ। ਉਸ ਦੇ ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਰਾਜਨੀਤੀ ਵਿਚ ਆਵੇਗਾ ਤੇ ਵਿਧਾਇਕ ਵੀ ਬਣ ਜਾਵੇਗਾ ਪਰ ਅੰਨਾ ਅੰਦੋਲਨ ਤੋਂ ਬਾਅਦ ਪ੍ਰਵੀਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲਿਆ ਤੇ ਆਮ ਆਦਮੀ ਪਾਰਟੀ ਨਾਲ ਜੁੜਿਆ । ਪ੍ਰਵੀਨ ਸਾਲ 2015 'ਚ ਪਹਿਲੀ ਵਾਰ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਰਿਆ, ਜਿਸ 'ਚ ਉਸ ਨੇ 20 ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ ਸੀ।
ਪਿਤਾ ਚਲਾਉਂਦੇ ਨੇ ਟਾਇਰ ਪੈਂਚਰ ਦੀ ਦੁਕਾਨ
ਪ੍ਰਵੀਨ ਦੇ ਪਿਤਾ ਪੀ. ਐਨ. ਦੇਸ਼ਮੁਖ ਦੀ ਭੋਪਾਲ ਵਿਚ ਟਾਇਰ ਪੈਂਚਰ ਦੀ ਦੁਕਾਨ ਹੈ। ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਪ੍ਰਵੀਨ ਪਹਿਲੀ ਵਾਰ ਵਿਧਾਇਕ ਬਣਿਆ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਪੈਂਚਰ ਲਾਉਣ ਦਾ ਕੰਮ ਛੱਡਿਆ ਨਹੀਂ। ਬੇਟੇ ਦੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਪ੍ਰਵੀਨ ਦੇ ਪਿਤਾ ਦੀ ਦੁਕਾਨ 'ਤੇ ਮੀਡੀਆ ਦਾ ਇੱਕਠ ਹੋ ਗਿਆ ਸੀ। ਉਸ ਸਮੇਂ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਪੀ. ਐਨ. ਦੇਸ਼ਮੁਖ ਨੇ ਕਿਹਾ ਸੀ ਕਿ ਉਹ ਆਪਣਾ ਕੰਮ ਕਰਦੇ ਰਹਿਣਗੇ।