10 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਅਗਵਾ ਹੋਇਆ ਪੁੱਤ, ਜਿਗਰ ਦੇ ਟੋਟੇ ਨੂੰ ਵੇਖ ਫੁਟ-ਫੁਟ ਰੋਈ ਮਾਂ
Wednesday, Jun 11, 2025 - 06:15 PM (IST)

ਨੈਸ਼ਨਲ ਡੈਸਕ- ਨੋਇਡਾ ਦੇ ਥਾਣਾ ਫੇਸ-2 ਖੇਤਰ ਤੋਂ 10 ਸਾਲ ਪਹਿਲਾਂ ਗਾਇਬ ਹੋਏ ਮੁੰਡੇ ਦੇ ਕਾਰਨ ਘਰ ਵਿਚ ਜੋ ਮਾਤਮ ਦਾ ਮਾਹੌਲ ਸੀ, ਉਹ ਹੁਣ ਖੁਸ਼ੀਆਂ ਵਿਚ ਬਦਲ ਗਿਆ ਹੈ। ਪੁੱਤਰ ਨੂੰ ਵੇਖ ਕੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਮਾਤਾ-ਪਿਤਾ ਨੇ ਜਦੋਂ ਪੁੱਤ ਨੂੰ ਗਲ਼ ਨਾਲ ਲਾਇਆ ਤਾਂ ਇਹ ਪਲ ਵੇਖ ਕੇ ਪੁਲਸ ਵਾਲੇ ਵੀ ਭਾਵੁਕ ਹੋ ਗਏ।
ਕਾਫੀ ਭਾਲ ਮਗਰੋਂ ਨਹੀਂ ਮਿਲਿਆ ਪੁੱਤ
ਦਰਅਸਲ ਸਾਲ 2015 ਵਿਚ 7 ਸਾਲਾ ਹਿਮਾਸ਼ੂ ਪਿੰਡ ਤੋਂ ਸ਼ੱਕੀ ਹਲਾਤਾਂ ਵਿਚ ਇਕ ਭੰਡਾਰੇ ਦੇ ਸਮੇਂ ਲਾਪਤਾ ਹੋ ਗਿਆ ਸੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਹਾਰ ਕੇ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਫੇਸ-2 ਵਿਚ ਦਰਜ ਕਰਵਾਈ। ਸਮਾਂ ਬੀਤਦਾ ਗਿਆ ਅਤੇ ਬੱਚੇ ਦੇ ਮਿਲਣ ਦੀ ਆਸ ਟੁੱਟ ਗਈ ਪਰ ਅਚਾਨਕ ਇਕ ਦਿਨ ਪਹਿਲੇ ਘਰ ਦੇ ਦਰਵਾਜ਼ੇ 'ਤੇ ਦਸਤਕ ਹੋਈ ਅਤੇ ਉਨ੍ਹਾਂ ਦਾ ਪੁੱਤ ਘਰ ਪਰਤ ਆਇਆ। ਲਾਪਤਾ ਹੋਇਆ 7 ਸਾਲਾ ਹਿਮਾਸ਼ੂ ਜਦੋਂ ਹੁਣ 17 ਸਾਲ ਦਾ ਹੋ ਕੇ ਘਰ ਪਰਤਿਆ ਤਾਂ ਉਸ ਨੂੰ ਪਛਾਣ ਸਕਣਾ ਪਰਿਵਾਰ ਲਈ ਵੱਡੀ ਚੁਣੌਤੀ ਸੀ। ਕਟੀ ਉਂਗਲ ਅਤੇ ਚਿਹਰੇ ਦੇ ਦਾਗ ਤੋਂ ਉਸ ਦੀ ਪਛਾਣ ਕੀਤੀ ਗਈ। ਬੱਚੇ ਨੂੰ ਸਹੀ-ਸਲਾਮਤ ਲੱਭਣ ਲਈ ਪੁਲਸ ਵਾਲਿਆਂ ਦੀ ਵੀ ਜੰਮ ਕੇ ਤਾਰੀਫ਼ਾ ਹੋ ਰਹੀਆਂ ਹਨ।
ਪੁਲਸ ਨੂੰ ਬੱਚਾ ਕਿਵੇਂ ਮਿਲਿਆ
ਸੈਂਟਰਲ ਨੋਇਡਾ ਦੇ ਡੀ. ਸੀ. ਪੀ ਸ਼ਕਤੀ ਮੋਹਨ ਅਵਸਥੀ ਦਾ ਕਹਿਣਾ ਹੈ ਕਿ ਨਵੰਬਰ 2015 ਵਿਚ ਹਿਮਾਸ਼ੂ ਪਿੰਡ ਦੇ ਇਕ ਮੰਦਰ ਦੇ ਨੇੜਿਓਂ ਬੱਚਾ ਲਾਪਤਾ ਹੋ ਗਿਆ ਸੀ ਅਤੇ ਇਕ ਆਦਮੀ ਉਸ ਨੂੰ ਚੁੱਕ ਕੇ ਲੈ ਗਿਆ ਸੀ। ਇਸ ਆਦਮੀ ਨੇ ਉਸ ਨੂੰ ਦਿੱਲੀ ਵਿਚ ਆਪਣੇ ਕੋਲ ਰੱਖਿਆ ਸੀ। 28 ਮਈ ਨੂੰ ਫਰੀਦਾਬਾਦ ਵਿਚ ਇੱਕ ਬਚਾ ਲਾਪਤਾ ਹੋ ਗਿਆ ਸੀ। ਜਾਂਚ ਦੌਰਾਨ ਫੜਿਆ ਗਿਆ ਦੋਸ਼ੀ ਇਸ ਬੱਚੇ ਦੇ ਨਾਲ ਮਿਲਿਆ। ਜਿਸ ਤੋਂ ਬਾਅਦ ਫਰੀਦਾਬਾਦ ਪੁਲਸ ਅਤੇ ਨੋਇਡਾ ਪੁਲਿਸ ਵਲੋਂ ਇਕ ਸਾਂਝੇ ਆਪ੍ਰੇਸ਼ਨ ਵਿਚ ਵੱਖ-ਵੱਖ ਰਿਕਾਰਡਾਂ ਦੀ ਖੋਜ ਕੀਤੀ ਗਈ ਅਤੇ ਜਾਣਕਾਰੀ ਇਕੱਠੀ ਕੀਤੀ ਗਈ। ਫਿਰ ਬੱਚੇ ਦੇ ਇਕੋ ਜਿਹੇ ਨਾਮ ਵਾਲਾ ਇਕ ਕੇਸ ਮਿਲਿਆ। ਜਦੋਂ ਇਸ ਵਿਚ ਹੋਰ ਜਾਂਚ ਕੀਤੀ ਗਈ, ਤਾਂ ਪਛਾਣ ਦੇ ਨਿਸ਼ਾਨ ਉਹੀ ਸਨ। ਬੱਚੇ ਨੇ ਆਪਣੇ ਮਾਪਿਆਂ ਨੂੰ ਵੀ ਪਛਾਣ ਲਿਆ। ਜਦੋਂ ਹੋਰ ਪੁੱਛਗਿੱਛ ਕੀਤੀ ਗਈ, ਤਾਂ ਇਹ ਪੁਸ਼ਟੀ ਹੋਈ ਕਿ ਇਹੀ ਬੱਚਾ 10 ਸਾਲ ਪਹਿਲਾਂ ਲਾਪਤਾ ਹੋਇਆ ਸੀ।
ਸਲਾਖਾਂ ਦੇ ਪਿੱਛੇ ਬੱਚੇ ਨੂੰ ਅਗਵਾ ਕਰਨ ਵਾਲਾ ਦੋਸ਼ੀ
ਬੱਚੇ ਨੂੰ ਅਗਵਾ ਕਰਨ ਵਾਲਾ ਦੋਸ਼ੀ ਇਸ ਸਮੇਂ ਫਰੀਦਾਬਾਦ ਜੇਲ੍ਹ ਵਿਚ ਬੰਦ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਿਹਾ ਕਿ ਉਸਦਾ ਆਪਣੀ ਪਤਨੀ ਨਾਲ ਨਹੀਂ ਬਣਦੀ ਹੈ। ਉਹ ਉਸ ਨਾਲ ਨਹੀਂ ਰਹਿੰਦੀ। ਇਸੇ ਲਈ ਉਹ ਬੱਚੇ ਨੂੰ ਆਪਣਾ ਸਹਾਰਾ ਬਣਾਉਣ ਲਈ ਲੈ ਗਿਆ ਸੀ। ਡੀ. ਸੀ. ਪੀ ਸ਼ਕਤੀ ਮੋਹਨ ਅਵਸਥੀ ਨੇ ਕਿਹਾ ਕਿ ਜੇਲ੍ਹ ਤੋਂ ਇਜਾਜ਼ਤ ਲੈਣ ਤੋਂ ਬਾਅਦ ਮੁਲਜ਼ਮ ਦਾ ਬਿਆਨ ਦਰਜ ਕੀਤਾ ਜਾਵੇਗਾ।