10ਵੀਂ ''ਚੋਂ ਘੱਟ ਨੰਬਰ ਆਏ ਤਾਂ ਮਾਯੂਸ ਹੋਇਆ ਪੁੱਤਰ, ਡਿਪ੍ਰੈਸ਼ਨ ''ਚੋਂ ਕੱਢਣ ਲਈ ਪਿਤਾ ਨੇ...
Tuesday, May 20, 2025 - 12:02 PM (IST)

ਨੈਸ਼ਨਲ ਡੈਸਕ- ਅਕਸਰ ਅਸੀਂ ਆਪਣੇ ਬੱਚਿਆਂ 'ਤੇ ਪੜ੍ਹਾਈ 'ਚੋਂ ਚੰਗੇ ਨੰਬਰ ਲੈਣ ਦਾ ਬੋਝ ਪਾ ਦਿੰਦੇ ਹਾਂ। ਪੜ੍ਹਾਈ ਕਰ ਕੇ ਕਈ ਵਾਰ ਬੱਚੇ ਡਿਪ੍ਰੈਸ਼ਨ ਵਿਚ ਵੀ ਚੱਲੇ ਜਾਂਦੇ ਹਨ। ਘੱਟ ਨੰਬਰ ਆਉਣ 'ਤੇ ਅਕਸਰ ਮਾਪੇ ਉਨ੍ਹਾਂ ਨੂੰ ਝਿੜਕਦੇ ਹਨ ਪਰ ਮੱਧ ਪ੍ਰਦੇਸ਼ ਦੇ ਸਾਗਰ ਤੋਂ ਇਕ ਪਿਤਾ ਨੇ ਆਪਣੇ ਪੁੱਤਰ ਲਈ ਕੁਝ ਵੱਖਰਾ ਕੀਤਾ। ਪਿਤਾ ਨੇ ਪੁੱਤਰ ਨੂੰ ਡਿਪ੍ਰੈਸ਼ਨ ਤੋਂ ਕੱਢਣ ਲਈ ਅਨੋਖਾ ਕੰਮ ਕੀਤਾ। ਦਰਅਸਲ ਪਿਤਾ ਨੇ ਪੁੱਤਰ ਦੇ ਘੱਟ ਨੰਬਰ ਆਉਣ 'ਤੇ ਢੋਲ ਵਜਵਾਏ, ਫੁੱਲਾਂ ਦੇ ਹਾਰ ਨਾਲ ਉਸ ਦਾ ਸਵਾਗਤ ਕੀਤਾ। ਬਸ ਇੰਨਾ ਹੀ ਨਹੀਂ ਪਿਤਾ ਨੇ ਪੂਰੇ ਮੁਹੱਲੇ ਵਿਚ ਮਠਿਆਈ ਵੀ ਵੰਡੀ। ਪਿਤਾ ਦੇ ਇਸ ਕਦਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਪੁੱਤਰ ਵੀ ਆਪਣੇ ਪਿਤਾ ਦੇ ਇਸ ਕਦਮ ਤੋਂ ਖੁਸ਼ ਹੈ।
10ਵੀਂ 'ਚ ਆਏ 55 ਫੀਸਦੀ ਨੰਬਰ
ਦਰਅਸਲ ਸਾਗਰ ਦੇ ਰਾਮਪੁਰ 'ਚ ਰਹਿਣ ਵਾਲੇ ਨਿਤੁਲ ਕੁਮਾਰ ਜੈਨ ਦੇ ਦੋ ਪੁੱਤਰ ਹਨ। ਛੋਟੇ ਪੁੱਤਰ ਸਾਰਥਕ ਨੇ CBSE 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਬੀਤੇ ਦਿਨੀਂ ਨਤੀਜੇ ਆਏ ਤਾਂ ਨਤੀਜੇ ਵੇਖ ਕੇ ਸਾਰਥਕ ਮਾਯੂਸ ਅਤੇ ਗੁੰਮ-ਸੁਮ ਰਹਿਣ ਲੱਗ ਪਿਆ। ਉਸ ਦੇ 10ਵੀਂ ਵਿਚੋਂ ਮਹਿਜ 55 ਫ਼ੀਸਦੀ ਅੰਕ ਆਏ ਸਨ, ਜਦਕਿ ਉਸ ਦੇ ਸਾਥੀਆਂ ਨੇ 70 ਤੋਂ 80 ਫ਼ੀਸਦੀ ਅੰਕ ਹਾਸਲ ਕੀਤੇ। ਘੱਟ ਨੰਬਰ ਆਉਣ ਕਾਰਨ ਸਾਰਥਕ ਨਿਰਾਸ਼ ਹੋ ਗਿਆ। ਪਿਤਾ ਸਮਝ ਗਏ ਅਤੇ ਪੁੱਤਰ ਨੂੰ ਘੱਟ ਨੰਬਰ ਮਿਲਣ ਕਾਰਨ ਡਿਪ੍ਰੈਸ਼ਨ ਤੋਂ ਕੱਢਣ ਲਈ ਉਨ੍ਹਾਂ ਨੇ ਅਨੋਖਾ ਕਦਮ ਚੁੱਕਿਆ।
ਮੁਹੱਲੇ 'ਚ ਵੰਡੀ ਮਠਿਆਈ ਅਤੇ ਢੋਲ ਵਜਵਾਏ
ਨਿਤੁਲ ਜੈਨ ਨੇ ਪੁੱਤਰ ਸਾਰਥਕ ਨੂੰ ਉਦਾਸ ਅਤੇ ਬੇਚੈਨ ਵੇਖਿਆ ਤਾਂ ਘਰ ਦੇ ਬਾਹਰ ਢੋਲ ਵਜਾਉਣ ਵਾਲੇ ਬੁਲਾਏ। ਸਾਰਥਕ ਨੂੰ ਘਰ ਦੇ ਸਾਰੇ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਹਿਨਾਏ ਅਤੇ ਘਰ ਦੇ ਬਾਹਰ ਡਾਂਸ ਕੇ ਉਸ ਦੇ ਪਾਸ ਹੋਣ ਦੀ ਖੁਸ਼ੀ ਮਨਾਈ। ਪਰਿਵਾਰ ਨੂੰ ਖੁਸ਼ ਵੇਖ ਕੇ ਸਾਰਥਕ ਆਪਣੇ ਨਤੀਜੇ ਅਤੇ ਘੱਟ ਨੰਬਰ ਦੀ ਮਾਯੂਸੀ ਨੂੰ ਪਲ ਭਰ ਵਿਚ ਭੁੱਲ ਗਿਆ
ਪੁੱਤਰ ਨੂੰ ਡਿਪ੍ਰੈਸ਼ਨ ਵਿਚੋਂ ਕੱਢਿਆ ਬਾਹਰ
ਨਿਤੁਲ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਦਾ ਨਤੀਜਾ ਅਤੇ ਨੰਬਰ ਹੀ ਸਭ ਕੁਝ ਨਹੀਂ ਹੁੰਦੇ ਹਨ। ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਬੱਚਿਆਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਉਣ ਅਤੇ ਕਿਸੇ ਤਰ੍ਹਾਂ ਦਾ ਗਲਤ ਕਦਮ ਨਾ ਚੁੱਕਣ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਸਾਰਥਕ ਪੜ੍ਹਾਈ 'ਚ ਕਾਫੀ ਹੁਸ਼ਿਆਰੀ ਹੈ। ਸਾਡੀ ਨਜ਼ਰ ਵਿਚ 55 ਫ਼ੀਸਦੀ ਨੰਬਰ ਲਿਆਉਣਾ ਵੀ ਵੱਡੀ ਗੱਲ ਹੈ। ਇਸ ਕਾਰਨ ਪੂਰੇ ਪਰਿਵਾਰ ਨੇ ਉਸ ਦੇ ਪਾਸ ਹੋਣ ਦੀ ਖੁਸ਼ੀ ਮਨਾਈ।