ਏਮਜ਼ ਕੁੱਟਮਾਰ ਮਾਮਲੇ ''ਚ ''ਆਪ'' ਵਿਧਾਇਕ ਸੋਮਨਾਥ ਭਾਰਤੀ ਨੂੰ ਹੋਈ 2 ਸਾਲ ਦੀ ਸਜ਼ਾ

01/23/2021 3:40:57 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਏਮਜ਼ ਦੇ ਸੁਰੱਖਿਆ ਕਰਮੀ ਨਾਲ ਕੁੱਟਮਾਰ ਦੇ ਮਾਮਲੇ 'ਚ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਜ਼ੁਰਮਾਨਾ ਨਾ ਭਰਨ 'ਤੇ ਉਨ੍ਹਾਂ ਨੂੰ ਇਕ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਸੋਮਨਾਥ ਨੂੰ ਸਰਕਾਰੀ ਕਰਮੀ ਦੇ ਕੰਮ 'ਚ ਰੁਕਾਵਟ ਪਾਉਣ ਅਤੇ ਉਸ 'ਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਭਾਰਤੀ ਦੀ ਇਹ ਸਜ਼ਾ ਤੈਅ ਕੀਤੀ।

ਵਿਧਾਇਕ ਸੋਮਨਾਥ ਭਾਰਤੀ ਨੇ ਅਦਾਲਤ ਤੋਂ ਉਨ੍ਹਾਂ ਨੂੰ ਪ੍ਰੋਬੇਸ਼ਨ 'ਤੇ ਛੱਡਣ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਭਾਰਤੀ ਵਲੋਂ ਵਕੀਲ ਐੱਨ. ਹਰਿਹਰਨ ਪੇਸ਼ ਹੋਏ। ਉਨ੍ਹਾਂ ਨੇ ਕੋਰਟ ਤੋਂ ਵਿਧਾਇਕ ਨੂੰ ਪ੍ਰੋਬੇਸ਼ਨ 'ਤੇ ਛੱਡਣ ਦੀ ਦਲੀਲ ਦਿੱਤੀ ਕਿ ਉਹ ਇਕਲੌਤੇ ਵਿਧਾਇਕ ਹਨ, ਜੋ ਫ਼ੋਨ 'ਤੇ ਵੀ ਜਨਤਾ ਦੀਆਂ ਸਮੱਸਿਆਵਾਂ ਸੁਣਦੇ ਹਨ। ਉੱਥੇ ਹੀ ਕੋਰਟ ਨੇ ਮਾਮਲੇ 'ਚ ਸਹਿ ਦੋਸ਼ੀ ਜਗਤ ਸੈਨੀ, ਦਲੀਪ ਝਾਅ, ਸੰਦੀਪ ਉਰਫ਼ ਸੋਨੂੰ ਅਤੇ ਰਾਕੇਸ਼ ਪਾਂਡੇ ਨੂੰ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਸਤਗਾਸਾ ਪੱਖ ਇਨ੍ਹਾਂ ਦੋਸ਼ੀਆਂ ਨੂੰ ਬਿਨਾਂ ਸ਼ੱਕ ਅਪਰਾਧ ਸਾਬਤ ਕਰਨ 'ਚ ਅਸਫ਼ਲ ਰਿਹਾ ਹੈ, ਅਜਿਹੇ 'ਚ ਉਹ ਸ਼ੱਕ ਦਾ ਲਾਭ ਪਾਉਣ ਦੇ ਹੱਕਦਾਰ ਹੈ। 

ਇਹ ਹੈ ਮਾਮਲਾ
ਇਹ ਮਾਮਲਾ 2016 ਦਾ ਹੈ। ਸੋਮਨਾਥ ਭਾਰਤੀ ਵਿਰੁੱਧ 9 ਸਤੰਬਰ 2016 ਨੂੰ ਏਮਜ਼ ਦੇ ਸੁਰੱਖਿਆ ਕਰਮੀ ਨੇ ਹੌਜਖਾਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸੁਰੱਖਿਆ ਅਧਿਕਾਰੀ ਦਾ ਦੋਸ਼ ਸੀ ਕਿ ਭਾਰਤੀ ਅਤੇ ਹੋਰ ਨੇ ਸਰਕਾਰੀ ਜਾਇਦਾਦ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਹਸਪਤਾਲ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਵੀ ਕੀਤੀ। ਸ਼ਿਕਾਇਤ 'ਚ ਕਿਹਾ ਗਿਆ ਸੀ ਕਿ 300 ਤੋਂ ਵੱਧ ਸਮਰਥਕਾਂ ਨਾਲ ਦੋਸ਼ੀ ਵਿਧਾਇਕ ਨੇ ਸੁਰੱਖਿਆ ਅਧਿਕਾਰੀ ਦੀ ਕੁੱਟਮਾਰ ਕੀਤੀ ਸੀ। ਇਸ ਮਾਮਲੇ ' ਭਾਰਤੀ ਦੀ ਗ੍ਰਿਫ਼ਤਾਰੀ ਹੋਈ ਸੀ, ਹਾਲਾਂਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News