ਪ੍ਰਧਾਨ ਮੰਤਰੀ ਬੋਲੇ- ਦੇਸ਼ ’ਚ ਕੁਝ ਹਾਲਾਤ ਦਹਾਕਿਆਂ ਪਹਿਲਾਂ ਬਦਲੇ ਜਾ ਸਕਦੇ ਸਨ

Wednesday, Aug 11, 2021 - 03:03 AM (IST)

ਪ੍ਰਧਾਨ ਮੰਤਰੀ ਬੋਲੇ- ਦੇਸ਼ ’ਚ ਕੁਝ ਹਾਲਾਤ ਦਹਾਕਿਆਂ ਪਹਿਲਾਂ ਬਦਲੇ ਜਾ ਸਕਦੇ ਸਨ

ਮਹੋਬਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅਸੀਂ ਆਜ਼ਾਦੀ ਦੇ 75ਵੇਂ ਸਾਲ ’ਚ ਦਾਖਲ ਹੋਣ ਵਾਲੇ ਹਾਂ। ਅਜਿਹੇ ’ਚ ਬੀਤੇ ਸਾਢੇ 7 ਦਹਾਕਿਆਂ ਦੀ ਤਰੱਕੀ ਨੂੰ ਅਸੀਂ ਦੇਖਦੇ ਹਾਂ ਤੇ ਪਾਉਂਦੇ ਹਾਂ ਕਿ ਕੁਝ ਹਾਲਾਤ ਅਜਿਹੇ ਸਨ, ਜਿਨ੍ਹਾਂ ਨੂੰ ਕਈ ਦਹਾਕੇ ਪਹਿਲਾਂ ਬਦਲਿਆ ਜਾ ਸਕਦਾ ਸੀ। ਘਰ, ਬਿਜਲੀ, ਪਾਣੀ, ਪਖਾਣੇ, ਰਸੋਈ ਗੈਸ, ਸੜਕ, ਹਸਪਤਾਲ ਅਤੇ ਸਕੂਲਾਂ ਵਰਗੀਆਂ ਕਈ ਮੁੱਢਲੀਆਂ ਲੋੜਾਂ ਹਨ, ਜਿਨ੍ਹਾਂ ਦੀ ਸਪਲਾਈ ਲਈ ਦਹਾਕਿਆਂ ਦਾ ਇੰਤਜ਼ਾਰ ਦੇਸ਼ਵਾਸੀਆਂ ਨੂੰ ਕਰਨਾ ਪਿਆ।

ਪ੍ਰਧਾਨ ਮੰਤਰੀ ਮੋਦੀ ਨੇ ਆਨਲਾਈਨ ਆਯੋਜਿਤ ਪ੍ਰੋਗਰਾਮ ’ਚ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ’ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਜਿੱਥੇ ਉੱਜਵਲਾ ਯੋਜਨਾ-2 ਦੇ 10 ਲਾਭਪਾਤਰੀਆਂ ਨੂੰ ਸਰਟੀਫਿਕੇਟ ਦਿੱਤੇ, ਉੱਥੇ ਉੱਜਵਲਾ ਯੋਜਨਾ ਦੇ ਪਹਿਲੇ ਪੜਾਅ ਦੇ 5 ਲਾਭਪਾਤਰੀਆਂ ਨਾਲ ਵਰਚੂਅਲੀ ਗੱਲਬਾਤ ਵੀ ਕੀਤੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉੱਜਵਲਾ ਯੋਜਨਾ ਦੇ ਪਹਿਲੇ ਪੜਾਅ ’ਚ ਰਹਿ ਗਏ ਅਤੇ ਯੋਜਨਾ ਦੇ ਘੇਰੇ ’ਚ ਨਾ ਆਉਣ ਵਾਲੇ ਗਰੀਬ ਪਰਿਵਾਰਾਂ ਨੂੰ ਯੋਜਨਾ ਦੇ ਦੂਜੇ ਪੜਾਅ ’ਚ ਲਾਭ ਮਿਲੇਗਾ।

ਸਾਲ 2021-22 ਦੇ ਕੇਂਦਰੀ ਬਜਟ ’ਚ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ 1 ਕਰੋੜ ਹੋਰ ਐੱਲ. ਪੀ. ਜੀ. ਕੁਨੈਕਸ਼ਨ ਵਧਾਉਣ ਦੀ ਵਿਵਸਥਾ ਕੀਤੀ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ-2 ਦੇ ਤਹਿਤ ਵੰਡੇ ਜਾਣ ਵਾਲੇ ਇਨ੍ਹਾਂ 1 ਕਰੋੜ ਰਸੋਈ ਗੈਸ ਕੁਨੈਕਸ਼ਨਾਂ ਦੇ ਤਹਿਤ ਭਰਿਆ ਸਿਲੰਡਰ ਅਤੇ ਚੁੱਲ੍ਹਾ ਮੁਫਤ ’ਚ ਦਿੱਤਾ ਜਾਵੇਗਾ। ਉੱਜਵਲਾ ਯੋਜਨਾ-2 ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਬਹੁਤ ਘੱਟ ਰਸਮਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਪ੍ਰਵਾਸੀ ਕਿਰਤੀ ਪਰਿਵਾਰਾਂ ਨੂੰ ਰਾਸ਼ਨ ਕਾਰਡ ਜਾਂ ਪਤੇ ਦਾ ਸਰਟੀਫਿਕੇਟ ਲਗਾਉਣ ਦੀ ਲੋੜ ਨਹੀਂ ਹੋਵੇਗੀ। ਇਸ ਲਈ ਖੁੱਦ ਦਾ ਦਿੱਤਾ ਹਲਫਨਾਮਾ ਹੀ ਕਾਫੀ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News