ਲਾਹੌਲ-ਸਪਿਤੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ
Monday, Aug 01, 2022 - 10:39 AM (IST)
ਸ਼ਿਮਲਾ, (ਰਾਜੇਸ਼)– ਕਬਾਇਲੀ ਜ਼ਿਲ੍ਹਿਆਂ ਲਾਹੌਲ-ਸਪਿਤੀ ਅਤੇ ਕਿਨੌਰ ਵਿਚ ਅਚਾਨਕ ਆਏ ਹੜ੍ਹਾਂ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਐਤਵਾਰ ਕਾਂਗੜਾ, ਹਮੀਰਪੁਰ, ਸਿਰਮੌਰ ਅਤੇ ਸ਼ਿਮਲਾ ਜ਼ਿਲਿਆਂ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਪਿਆ । ਲਾਹੌਲ-ਸਪਿਤੀ ਜ਼ਿਲੇ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ, ਜਿਸ ਕਾਰਨ ਮੌਸਮ ਠੰਡਾ ਹੋ ਗਿਆ।
ਮੌਸਮ ਵਿਭਾਗ ਨੇ ਸੂਬੇ ’ਚ 4 ਅਗਸਤ ਤੱਕ ਮੈਦਾਨੀ ਅਤੇ ਨੀਮ ਪਹਾੜੀ ਇਲਾਕਿਆਂ ’ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਹੈੱਡਕੁਆਰਟਰ ਧਰਮਸ਼ਾਲਾ ਵਿੱਚ ਸਭ ਤੋਂ ਵੱਧ 137 ਮਿ. ਮੀ. ਮੀਂਹ ਦਰਜ ਕੀਤਾ ਗਿਆ। ਲਗਾਤਾਰ ਮੀਂਹ ਜ਼ਮੀਨ ਖਿਸਕਣ, ਹੜ੍ਹ ਆਉਣ ਅਤੇ ਸੜਕਾਂ ਦੇ ਧਸਣ ਦਾ ਕਾਰਨ ਬਣ ਰਿਹਾ ਹੈ। ਪਹਾੜੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਸਮੇਂ ਸਾਵਧਾਨੀ ਵਰਤਣ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਐਤਵਾਰ ਭਾਰੀ ਮੀਂਹ ਕਾਰਨ ਸੂਬੇ ’ਚ 10 ਘਰਾਂ, 11 ਦੁਕਾਨਾਂ ਅਤੇ 4 ਪਸ਼ੂਆਂ ਦੇ ਸ਼ੈੱਡਾਂ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਕਾਰਨ 44 ਸੜਕਾਂ, 100 ਟਰਾਂਸਫਾਰਮਰਾਂ ਅਤੇ ਪੀਣ ਵਾਲੇ ਪਾਣੀ ਦੇ 7 ਪ੍ਰਾਜੈਕਟਾਂ ’ਤੇ ਮਾੜਾ ਅਸਰ ਪਿਆ। ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 16 ਜ਼ਖ਼ਮੀ ਹੋ ਗਏ।
ਛੱਤੂ ’ਚ 100 ਤੋਂ ਵੱਧ ਲੋਕ ਫਸੇ
ਕਿਲਾਂਗ (ਬਿਊਰੋ) : ਦੋਹਰਨੀ ਡਰੇਨ ’ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਕਾਜ਼ਾ ਤੋਂ ਮਨਾਲੀ ਆ ਰਹੇ 100 ਤੋਂ ਵੱਧ ਸੈਲਾਨੀ ਅਤੇ ਹੋਰ ਲੋਕ ਛੱਤੂ ’ਚ ਫਸ ਗਏ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਲਾਹੌਲ-ਸਪਿਤੀ ਪੁਲਸ ਨੇ ਬੀ.ਆਰ.ਓ. ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ। ਕਰੀਬ 80 ਲੋਕਾਂ ਨੂੰ ਬਚਾਅ ਲਿਆ ਗਿਆ ਜਦਕਿ 2 ਦਰਜਨ ਤੋਂ ਵੱਧ ਲੋਕ ਐਤਵਾਰ ਰਾਤ ਤੱਕ ਛੱਤੂ ’ਚ ਫਸੇ ਹੋਏ ਸਨ।