ਕਸ਼ਮੀਰ ''ਚ ਬਰਫ਼ ਨਾਲ ਜੰਮੀਆਂ ਸੜਕਾਂ, ਹਵਾਈ ਆਵਾਜਾਈ ਪ੍ਰਭਾਵਿਤ
Sunday, Feb 04, 2024 - 05:31 PM (IST)
ਸ਼੍ਰੀਨਗਰ- ਕਸ਼ਮੀਰ ਘਾਟੀ 'ਚ ਬਰਫ਼ਬਾਰੀ ਕਾਰਨ ਐਤਵਾਰ ਨੂੰ ਜਨ-ਜੀਵਨ ਪ੍ਰਭਾਵਿਤ ਹੋਇਆ ਅਤੇ ਸ਼੍ਰੀਨਗਰ ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਘੱਟ ਬਰਫ਼ਬਾਰੀ ਹੋਈ, ਜਦਕਿ ਉੱਚਾਈ ਵਾਲੇ ਸਥਾਨਾਂ 'ਤੇ ਭਾਰੀ ਬਰਫ਼ਬਾਰੀ ਹੋਈ। ਅਧਿਕਾਰੀ ਸੜਕਾਂ 'ਤੇ ਬਰਫ਼ ਹਟਾ ਰਹੇ ਹਨ ਤਾਂ ਕਿ ਵਾਹਨਾਂ ਦੀ ਆਵਾਜਾਈ ਸੰਭਵ ਹੋ ਸਕੇ ਪਰ ਸੜਕਾਂ 'ਤੇ ਤਿਲਕਣ ਹੋਣ ਕਾਰਨ ਆਵਾਜਾਈ ਧੀਮੀ ਹੋ ਗਈ ਹੈ।
ਬਰਫ਼ਬਾਰੀ ਕਾਰਨ ਸ਼੍ਰੀਨਗਰ ਹਵਾਈ ਅੱਡੇ 'ਤੇ ਦਿਨ ਭਰ ਉਡਾਣਾਂ ਦੇ ਪਰਿਚਾਲਨ ਨੂੰ ਰੱਦ ਕਰਨਾ ਪਿਆ। ਅਧਿਕਾਰੀਆਂ ਨੇ ਕਸ਼ਮੀਰ ਦੇ ਪਹਾੜੀ ਇਲਾਕਿਆਂ ਲਈ ਬਰਫ਼ ਖਿਸਕਣ ਦੀ ਚਿਤਾਵਾਨੀ ਜਾਰੀ ਕੀਤੀ ਹੈ ਅਤੇ ਸਥਾਨਕ ਵਾਸੀਆਂ ਤੋਂ ਅਗਲੇ 24 ਘੰਟਿਆਂ ਲਈ ਗੈਰ-ਜ਼ਰੂਰੀ ਆਵਾਜਾਈ ਤੋਂ ਬਚਣ ਦੀ ਅਪੀਲ ਕੀਤੀ ਹੈ।ਬਰਫ਼ਬਾਰੀ ਕਾਰਨ ਘੱਟੋ-ਘੱਟ ਤਾਪਮਾਨ ਵਧਿਆ ਹੈ ਪਰ ਘਾਟੀ ਦੇ ਜ਼ਿਆਦਾਤਰ ਸਥਾਨਾਂ 'ਤੇ ਦਿਨ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕਸ਼ਮੀਰ 'ਚ ਮੰਗਲਵਾਰ ਤੋਂ ਮੌਸਮ 'ਚ ਸੁਧਾਰ ਹੋਣ ਦੀ ਉਮੀਦ ਹੈ।
ਦੱਖਣੀ ਕਸ਼ਮੀਰ ਦਾ ਕਾਜ਼ੀਗੁੰਡ ਸ਼ਹਿਰ ਸ਼ਨੀਵਾਰ ਨੂੰ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ ਦੇ ਗੁਲਮਰਗ ਸਕੀਇੰਗ ਰਿਜੋਰਟ 'ਚ ਪਾਰਾ ਪਿਛਲੇ 72 ਘੰਟਿਆਂ ਤੋਂ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਬਣਿਆ ਹੋਇਆ ਹੈ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 7 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ।