ਜੰਮੂ-ਕਸ਼ਮੀਰ ''ਚ ਹੋਰ ਬਰਫਬਾਰੀ, 15 ਉਡਾਣਾਂ ਰੱਦ

Thursday, Jan 16, 2020 - 07:24 PM (IST)

ਜੰਮੂ-ਕਸ਼ਮੀਰ ''ਚ ਹੋਰ ਬਰਫਬਾਰੀ, 15 ਉਡਾਣਾਂ ਰੱਦ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਬੀਤੇ 24 ਘੰਟਿਆਂ ਦੌਰਾਨ ਹੋਰ ਬਰਫਬਾਰੀ ਹੋਣ ਕਾਰਣ ਮੈਦਾਨੀ ਇਲਾਕਿਆਂ ਵਿਚ ਸੀਤ ਲਹਿਰ ਦਾ ਜ਼ੋਰ ਵਧ ਗਿਆ ਹੈ। ਸ਼੍ਰੀਨਗਰ ਹਵਾਈ ਅੱਡੇ 'ਤੇ ਬਰਫ ਦੇ ਜੰਮਣ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਣ ਵੀਰਵਾਰ 15 ਉਡਾਣਾਂ ਰੱਦ ਕਰਨੀਆਂ ਪਈਆਂ। ਵਾਦੀ ਦੇ ਪ੍ਰਸ਼ਾਸਨ ਨੇ ਸ਼ਨੀਵਾਰ ਤੱਕ ਕਈ ਥਾਈਂ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਵੀਰਵਾਰ ਚੌਥੇ ਦਿਨ ਵੀ ਆਮ ਆਵਾਜਾਈ ਲਈ ਬੰਦ ਰਹੀ। ਇਥੇ ਵੱਖ-ਵੱਖ ਥਾਵਾਂ 'ਤੇ 7000 ਤੋਂ ਵੱਧ ਮੋਟਰ ਗੱਡੀਆਂ ਫਸ ਗਈਆਂ ਹਨ। ਬਰਫਬਾਰੀ ਕਾਰਣ ਵਾਦੀ ਵਿਚ 100 ਘਰਾਂ ਅਤੇ ਹੋਰਨਾਂ ਢਾਂਚਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਪੁਲਸ ਸੂਤਰਾਂ ਮੁਤਾਬਕ ਰਾਮਬਨ ਜ਼ਿਲੇ ਵਿਚ ਢਿੱਗਾਂ ਡਿੱਗਣ ਦੀਆਂ 5 ਘਟਨਾਵਾਂ ਵਾਪਰੀਆਂ ਹਨ। ਇਸ ਕਾਰਣ ਹੀ ਜੰਮੂ-ਸ਼੍ਰੀਨਗਰ ਸੜਕ ਬੰਦ ਹੋਈ ਹੈ। ਢਿੱਗਾਂ ਨੂੰ ਹਟਾਉਣ ਦਾ ਕੰਮ ਵੀਰਵਾਰ ਰਾਤ ਤੱਕ ਜਾਰੀ ਸੀ। ਮੁਸ਼ਕਲ ਇਹ ਪੇਸ਼ ਆ ਰਹੀ ਹੈ ਕਿ ਇਕ ਥਾਂ ਤੋਂ ਸੜਕ ਸਾਫ ਕੀਤੀ ਜਾਂਦੀ ਤਾਂ ਦੂਜੀ ਥਾਂ 'ਤੇ ਢਿੱਗਾਂ ਡਿੱਗ ਪੈਂਦੀਆਂ ਹਨ। ਲਗਾਤਾਰ ਰੁਕ-ਰੁਕ ਕੇ ਵੱਖ-ਵੱਖ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਣ ਆਵਾਜਾਈ ਨੂੰ ਬਹਾਲ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।


author

KamalJeet Singh

Content Editor

Related News