ਹਿਮਾਚਲ ''ਚ ਬਰਫ਼ਬਾਰੀ ਅਤੇ ਮੀਂਹ, 4 ਨੈਸ਼ਨਲ ਹਾਈਵੇਅ ਸਮੇਤ 473 ਸੜਕਾਂ ਬੰਦ
Tuesday, Feb 06, 2024 - 04:57 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਬਰਫ਼ਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ 4 ਨੈਸ਼ਨਲ ਹਾਈਵੇਅ ਸਮੇਤ 470 ਤੋਂ ਵਧੇਰੇ ਸੜਕਾਂ ਬੰਦ ਹੋ ਗਈਆਂ। ਸੂਬਾ ਐਮਰਜੈਂਸੀ ਪਰਿਚਾਲਣ ਕੇਂਦਰ ਮੁਤਾਬਕ 473 ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਹੈ ਅਤੇ 398 ਟਰਾਂਸਫਾਰਮਰ ਅਤੇ 38 ਜਲ ਸਪਲਾਈ ਪ੍ਰਾਜੈਕਟ ਰੁੱਕੇ ਹੋਏ ਹਨ। ਮੌਸਮ ਵਿਭਾਗ ਨੇ ਕਿਹਾ ਕਿ ਹਿਮਾਚਲ ਵਿਚ ਜਨਵਰੀ ਦਾ ਮੌਸਮ ਪਿਛਲੇ 17 ਸਾਲਾਂ ਤੋਂ ਸਭ ਤੋਂ ਖੁਸ਼ਕ ਰਿਹਾ ਕਿਉਂਕਿ ਸੂਬੇ 'ਚ ਆਮ ਮੀਂਹ 85.3 ਮਿਲੀਮੀਟਰ ਦੇ ਮੁਕਾਬਲੇ 6.8 ਮਿਲੀਮੀਟਰ ਮੀਂਹ ਪਿਆ, ਜੋ 92 ਫ਼ੀਸਦੀ ਦੀ ਕਮੀ ਦਰਸਾਉਂਦੀ ਹੈ।
ਜਨਵਰੀ 1996 ਵਿਚ 99.6 ਫ਼ੀਸਦੀ ਅਤੇ 2007 'ਚ 98.5 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਕੁੱਲ ਮਿਲਾ ਕੇ ਲਾਹੌਲ ਅਤੇ ਸਪੀਤੀ ਵਿਚ 153 ਸੜਕਾਂ, ਸ਼ਿਮਲਾ 'ਚ 134, ਕੁੱਲੂ 'ਚ 68, ਚੰਬਾ 'ਚ 61, ਮੰਡੀ 'ਚ 46, ਸਿਰਮੌਰ 'ਚ 8, ਕਿੰਨੌਰ 'ਚ 2 ਅਤੇ ਕਾਂਗੜਾ ਵਿਚ ਇਕ ਸੜਕ ਬੰਦ ਹੋ ਗਈ ਹੈ।
ਸ਼ਿਮਲਾ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐੱਮ. ਕੇ. ਸੇਠ ਨੇ ਫਰਵਰੀ ਵਿਚ ਸੈਰ-ਸਪਾਟੇ ਦੀ ਚੰਗੀ ਗਿਣਤੀ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਅਤੇ ਪਿਛਲੇ ਹਫ਼ਤੇ ਸੈਰ-ਸਪਾਟਾ ਪ੍ਰੇਮੀਆਂ ਦੀ ਗਿਣਤੀ 'ਚ 30 ਤੋਂ 70 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।