ਹਿਮਾਚਲ, ਜੰਮੂ-ਕਸ਼ਮੀਰ ਤੇ ਉਤਰਾਖੰਡ ’ਚ ਮੁੜ ਬਰਫਬਾਰੀ, ਪੰਜਾਬ ’ਚ ਮੀਂਹ ਤੋਂ ਬਾਅਦ ਠੰਡ
Saturday, Mar 25, 2023 - 11:47 AM (IST)
ਪਤਲੀਕੂਹਲ/ਸ਼੍ਰੀਨਗਰ/ਰੁਦਰਪ੍ਰਯਾਗ, (ਬਿਊਰੋ, ਸ. ਹ.)- ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫਬਾਰੀ ਤਾਂ ਪੰਜਾਬ ਸਮੇਤ ਉੱਤਰੀ ਸੂਬਿਆਂ ਵਿਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਨਾਲ ਠੰਡ ਵਧਣ ਨਾਲ ਲੋਕਾਂ ਨੇ ਇਕ ਵਾਰ ਫਿਰ ਗਰਮ ਕੱਪੜੇ ਕੱਢ ਲਏ ਹਨ।
ਲਾਹੌਲ ਸਮੇਤ ਹੋਰਨਾਂ ਚੋਟੀਆਂ ’ਤੇ ਸ਼ੁੱਕਰਵਾਰ ਨੂੰ ਬਰਫਬਾਰੀ ਹੋਈ। ਸਵੇਰ ਦੇ ਸਮੇਂ ਵਾਦੀ ਵਿਚ ਧੁੱਪ ਖਿੜੀ ਅਤੇ ਸੈਲਾਨੀਆਂ ਨੇ ਘੁੰਮਣ ਦਾ ਮਜ਼ਾ ਲਿਆ ਪਰ ਦੁਪਹਿਰ ਬਾਅਦ ਮੌਸਮ ਨੇ ਕਰਵਟ ਬਦਲੀ ਅਤੇ ਬਰਫਬਾਰੀ ਦਾ ਕ੍ਰਮ ਸ਼ੁਰੂ ਹੋ ਗਿਆ। ਦੁਪਹਿਰ ਬਾਅਦ ਰੋਹਤਾਂਗ ਸਮੇਤ ਹੋਰਨਾਂ ਚੋਟੀਆਂ ’ਤੇ ਬਰਫ ਦੇ ਟੁੱਕੜੇ ਡਿੱਗੇ। ਲਾਹੌਲ-ਸਪਿਤੀ ਵਿਚ ਅਟਲ ਟਨਲ ਰੋਹਤਾਂਗ ਦੇ ਨਾਰਥ ਅਤੇ ਸਾਊਥ ਪੋਰਟਲ ਵਿਚ ਵੀ ਬਰਫਬਾਰੀ ਹੋਈ। ਸੈਰ-ਸਪਾਟਾ ਕਾਰੋਬਾਰੀ ਆਸ਼ਾ ਬੁੱਧ, ਰੀਤਾ ਸ਼ਾਸ਼ਨੀ, ਅਵਿਨਾਸ਼, ਰਾਹੁਲ ਤੇ ਰਾਕੇਸ਼ ਨੇ ਦੱਸਿਆ ਕਿ ਪਹਾੜਾਂ ਵਿਚ ਹੋ ਰਹੀ ਬਰਫਬਾਰੀ ਨਾਲ ਸੈਰ-ਸਪਾਟਾ ਕਾਰੋਬਾਰ ਨੂੰ ਰਫਤਾਰ ਮਿਲੇਗੀ। ਫੌਜੀ ਨਜ਼ਰੀਏ ਨਾਲ ਮਹੱਤਵਪੂਰਨ ਮਨਾਲੀ-ਲੇਹ ਮਾਰਗ 25 ਮਾਰਚ ਤੋਂ ਬਹਾਲ ਹੋਣ ਜਾ ਰਿਹਾ ਹੈ।
ਓਧਰ, ਮੌਸਮ ਬਦਲਣ ਦੇ ਨਾਲ ਹੀ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਖੇਤਰ ਵਿਚ ਬਰਫਬਾਰੀ ਨਾਲ ਯਾਤਰਾ ਮਾਰਗਾਂ ’ਤੇ ਅਸਰ ਪਿਆ ਹੈ ਪਰ ਸਭ ਤੋਂ ਵੱਧ ਪ੍ਰਭਾਵਿਤ ਕੇਦਾਰਨਾਥ ਦਾ ਪੈਦਲ ਮਾਰਗ ਹੋਇਆ ਹੈ। ਕੇਦਾਰਨਾਥ ਯਾਤਰਾ 25 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ। ਯਾਤਰਾ ਨੂੰ ਲੈ ਕੇ ਸ਼ਾਸਨ ਅਤੇ ਪ੍ਰਸ਼ਾਸਨ ਪੱਧਰ ’ਤੇ ਤਿਆਰੀਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ।
ਕੇਦਾਰਨਾਥ ਯਾਤਰਾ ਮਾਰਗ ’ਤੇ ਬਰਫ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ ਪਰ ਬੀਤੇ ਦਿਨੀਂ ਲਗਾਤਾਰ ਬਰਫਬਾਰੀ ਕਾਰਨ ਕਈ ਥਾਵਾਂ ’ਤੇ ਗਲੇਸ਼ੀਅਰ ਖਿਸਕ ਕੇ ਆ ਗਏ ਹਨ, ਜਿਸ ਨਾਲ ਪੈਦਲ ਮਾਰਗ ਬਰਫ ਨਾਲ ਢੱਕ ਗਿਆ ਹੈ। ਭੈਰੋਂ ਗਦੇਰੇ ਨੇੜੇ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਕੇ ਆਉਣ ਨਾਲ ਕੇਦਾਰਨਾਥ ਤੱਕ ਸਾਮਾਨ ਪਹੁੰਚਾਉਣ ਵਾਲੇ ਘੋੜੇ-ਖੱਚਰਾਂ ਦੀ ਆਵਾਜਾਈ ਵੀ ਬੰਦ ਹੋ ਗਈ ਹੈ।