ਬੈਂਕਾਕ ਤੋਂ ਲਖਨਊ ਨੂੰ ਨਕਲੀ ਸਿਗਰੇਟਾਂ ਦੀ ਹੋ ਰਹੀ ਸਮੱਗਲਿੰਗ, 97000 ਪੈਕਟ ਜ਼ਬਤ

Tuesday, Nov 05, 2024 - 05:39 AM (IST)

ਬੈਂਕਾਕ ਤੋਂ ਲਖਨਊ ਨੂੰ ਨਕਲੀ ਸਿਗਰੇਟਾਂ ਦੀ ਹੋ ਰਹੀ ਸਮੱਗਲਿੰਗ, 97000 ਪੈਕਟ ਜ਼ਬਤ

ਲਖਨਊ - ਹੁਣ ਤੱਕ ਤੁਸੀਂ ਏਅਰਪੋਰਟ ’ਤੇ ਸੋਨੇ ਦੀ ਖੇਪ ਫੜੇ ਜਾਣ ਦੀਆਂ ਖਬਰਾਂ ਸੁਣੀਆਂ ਜਾਂ ਪੜ੍ਹੀਆਂ ਹੋਣਗੀਆਂ ਪਰ ਲਖਨਊ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਨਕਲੀ ਸਿਗਰੇਟਾਂ ਦੀ ਵੱਡੀ ਖੇਪ ਫੜੀ ਹੈ।

ਬੈਂਕਾਕ ਤੋਂ ਨਕਲੀ ਗੋਲਡ ਫਲੈਕ ਸਿਗਰੇਟਾਂ ਦੇ ਆਏ 97000 ਪੈਕਟ ਜ਼ਬਤ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ 16 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤ ’ਚ ਵਿਕਣ ਵਾਲੀਆਂ ਗੋਲਡ ਫਲੈਕ ਬ੍ਰਾਂਡ ਦੀਆਂ ਨਕਲੀ ਸਿਗਰੇਟਾਂ ਬੈਂਕਾਕ ਤੋਂ ਲਖਨਊ ਨੂੰ ਸਮੱਗਲ ਕੀਤੀਆਂ ਜਾਂਦੀਆਂ ਸਨ। ਕਸਟਮ ਵਿਭਾਗ ਦੀ ਟੀਮ ਨੇ 3 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ।

ਜਾਣਕਾਰੀ ਮੁਤਾਬਕ ਫਲਾਈਟ ਨੰਬਰ ਐੱਫ.ਡੀ.-146 ਰਾਹੀਂ ਬੈਂਕਾਕ ਤੋਂ ਲਖਨਊ ਪਹੁੰਚੇ 3 ਮੁਸਾਫਰਾਂ ਕੋਲੋਂ ਇਹ ਖੇਪ ਜ਼ਬਤ ਕੀਤੀ ਗਈ। ਤਿੰਨਾਂ ਨੇ ਬਹੁਤ ਚਲਾਕੀ ਨਾਲ ਸਿਗਰੇਟਾਂ ਛੁਪਾ ਕੇ ਰੱਖੀਆਂ ਸਨ ਪਰ ਏਅਰਪੋਰਟ ’ਤੇ ਸਕੈਨਿੰਗ ਦੌਰਾਨ ਕਸਟਮ ਵਿਭਾਗ ਦੀ ਟੀਮ ਨੇ ਨਕਲੀ ਸਿਗਰੇਟਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਜ਼ਬਤ ਕਰ ਲਿਆ।

ਜਾਣਕਾਰੀ ਮੁਤਾਬਕ ਫੜਿਆ ਗਿਆ ਇਕ ਮੁਸਾਫਰ ਲਖੀਮਪੁਰ ਖੇੜੀ ਦਾ ਰਹਿਣ ਵਾਲਾ ਹੈ, ਜਦਕਿ ਬਾਕੀ 2 ਦਿੱਲੀ ਤੇ ਕੇਰਲਾ ਦੇ ਰਹਿਣ ਵਾਲੇ ਹਨ। ਕਸਟਮ ਵਿਭਾਗ ਅਨੁਸਾਰ ਵੱਧ ਮੁਨਾਫ਼ਾ ਕਮਾਉਣ ਕਾਰਨ ਨਕਲੀ ਸਿਗਰੇਟਾਂ ਦੀ ਸਮੱਗਲਿੰਗ ਵਧ ਰਹੀ ਹੈ।


author

Inder Prajapati

Content Editor

Related News