ਦਿੱਲੀ ਜਾ ਰਹੀ ਇੰਡੀਗੋ ਫਲਾਈਟ ''ਚ ਧੂੰਏਂ ਦੀ ਚਿਤਾਵਨੀ, ਲਖਨਊ ਏਅਰਪੋਰਟ ''ਤੇ ਐਮਰਜੈਂਸੀ ਲੈਂਡਿੰਗ
Tuesday, Sep 15, 2026 - 10:03 PM (IST)
ਲਖਨਊ : ਅਗਰਤਲਾ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ (6E6504) ਦੇ ਕਾਰਗੋ ਖੇਤਰ ਵਿੱਚ ਧੂੰਏਂ ਦੀ ਚਿਤਾਵਨੀ (ਸਮੋਕ ਵਾਰਨਿੰਗ) ਮਿਲਣ ਤੋਂ ਬਾਅਦ ਉਸ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ। ਇਹ ਜਹਾਜ਼ 103 ਯਾਤਰੀਆਂ ਅਤੇ 6 ਕਰੂ ਮੈਂਬਰਾਂ ਨਾਲ ਸ਼ਾਮ 6:29 ਵਜੇ ਲਖਨਊ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਇਸ ਘਟਨਾ ਵਿੱਚ ਕੋਈ ਅਣਹੋਣੀ ਨਹੀਂ ਵਾਪਰੀ।
ਸੁਰੱਖਿਆ ਚਿਤਾਵਨੀ ਤੋਂ ਬਾਅਦ ਲਖਨਊ ਹਵਾਈ ਅੱਡੇ ਨੇ ਤੁਰੰਤ ਆਪਣਾ ਐਮਰਜੈਂਸੀ ਰਿਸਪੌਂਸ ਪ੍ਰੋਟੋਕੋਲ ਸਰਗਰਮ ਕਰ ਦਿੱਤਾ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਅਤੇ ਯਾਤਰੀਆਂ ਦੀ ਮਦਦ ਲਈ ਫਾਇਰ ਐਂਡ ਰੈਸਕਿਊ, ਐਂਬੂਲੈਂਸ, ਮੈਡੀਕਲ, ਸੁਰੱਖਿਆ ਅਤੇ ਟਰਮੀਨਲ ਸਪੋਰਟ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਲੋੜੀਂਦੀ ਸਹਾਇਤਾ ਉਪਲਬਧ ਕਰਵਾਈ ਗਈ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ।
ਸੁਰੱਖਿਆ ਚਿਤਾਵਨੀ ਤੋਂ ਬਾਅਦ ਦਿੱਲੀ ਜਾਣ ਵਾਲੀ ਕਿਸੇ ਫਲਾਈਟ ਨੂੰ ਲਖਨਊ ਡਾਇਵਰਟ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ 3 ਸਤੰਬਰ ਨੂੰ ਵਾਰਾਣਸੀ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ (IX1253) ਨੂੰ ਪਿਛਲੇ ਕਾਰਗੋ ਹੋਲਡ ਵਿੱਚ ਧੂੰਆਂ ਨਿਕਲਣ ਦਾ ਅਲਾਰਮ ਵੱਜਣ ਤੋਂ ਬਾਅਦ 155 ਯਾਤਰੀਆਂ ਨਾਲ ਲਖਨਊ ਵਿਖੇ ਸੁਰੱਖਿਅਤ ਉਤਾਰਿਆ ਗਿਆ ਸੀ, ਹਾਲਾਂਕਿ ਸ਼ੁਰੂਆਤੀ ਜਾਂਚ ਵਿੱਚ ਧੂੰਆਂ ਜਾਂ ਅੱਗ ਨਹੀਂ ਮਿਲੀ ਸੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਗੋਆ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਹੀ ਇੱਕ ਉਡਾਣ ਨੇ ਪਾਇਲਟ ਵੱਲੋਂ ਇੰਜਣ ਵਿੱਚ ਖਰਾਬੀ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ 229 ਲੋਕਾਂ ਨਾਲ ਐਮਰਜੈਂਸੀ ਲੈਂਡਿੰਗ ਕੀਤੀ ਸੀ।
