ਓਡਿਸ਼ਾ ਵਿਧਾਨ ਸਭਾ ’ਚ ਸਪੀਕਰ ਦੇ ਆਸਣ ਵੱਲ ਸੁੱਟੀ ਚੱਪਲ, ਈਅਰਫੋਨ ਤੇ ਕੂੜੇਦਾਨ
Sunday, Apr 04, 2021 - 11:27 AM (IST)
ਭੁਵਨੇਸ਼ਵਰ– ਓਡਿਸ਼ਾ ਵਿਧਾਨ ਸਭਾ ਵਿਚ ਸ਼ਨੀਵਾਰ ਬਿਹਾਰ ਵਿਧਾਨ ਸਭਾ ਵਾਲਾ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਭਾਜਪਾ ਦੇ ਕੁਝ ਮੈਂਬਰਾਂ ਨੇ ਸਪੀਕਰ ਦੇ ਆਸਣ ਵੱਲ ਚੱਪਲ, ਕਾਗਜ਼, ਕਲਮ, ਕੂੜੇਦਾਨ ਤੇ ਈਅਰਫੋਨ ਸੁੱਟਿਆ। ਇਹ ਘਟਨਾ ਉਸ ਵੇਲੇ ਹੋਈ ਜਦੋਂ ਸਦਨ ਨੇ ਬਿਨਾਂ ਚਰਚਾ ਦੇ ਕੁਝ ਮਿੰਟਾਂ ਦੇ ਅੰਦਰ ਓਡਿਸ਼ਾ ਲੋਕਾਯੁਕਤ (ਸੋਧ) ਬਿੱਲ ਨੂੰ ਪਾਸ ਕਰ ਦਿੱਤਾ। ਵਿਧਾਨ ਸਭਾ ਸਪੀਕਰ ਐੱਸ. ਐੱਨ. ਪਾਤਰੋ ਨੇ ਇਸ ਤੋਂ ਪਹਿਲਾਂ ਮਾਈਨਿੰਗ ਦੇ ਕੰਮਾਂ ਵਿਚ ਭ੍ਰਿਸ਼ਟਾਚਾਰ ’ਤੇ ਚਰਚਾ ਕਰਵਾਉਣ ਦੇ ਕਾਂਗਰਸ ਦੇ ਨੋਟਿਸ ਨੂੰ ਖਾਰਿਜ ਕਰ ਦਿੱਤਾ ਸੀ। ਭਾਜਪਾ ਦੇ 2 ਸੀਨੀਅਰ ਵਿਧਾਇਕਾਂ ਜੇ. ਐੱਨ. ਮਿਸ਼ਰਾ ਤੇ ਬੀ. ਸੀ. ਸੇਠੀ ਨੂੰ ਆਪੋ-ਆਪਣੀ ਸੀਟ ’ਤੇ ਖੜ੍ਹੇ ਹੁੰਦੇ ਅਤੇ ਸਪੀਕਰ ਦੇ ਆਸਣ ਵੱਲ ਵਿਰੋਧ ਵਜੋਂ ਇਹ ਚੀਜ਼ਾਂ ਸੁੱਟਦੇ ਹੋਏ ਦੇਖਿਆ ਗਿਆ। ਹਾਲਾਂਕਿ ਚੱਪਲ ਤੇ ਹੋਰ ਸਾਮਾਨ ਆਸਣ ਤਕ ਨਹੀਂ ਪਹੁੰਚੇ।
ਵਿਧਾਇਕਾ ਪ੍ਰਮਿਲਾ ਮਲਿਕ ਨੇ ਦੋਸ਼ ਲਾਇਆ ਕਿ ਜੇ. ਐੱਨ. ਮਿਸ਼ਰਾ ਤੇ ਬੀ. ਸੀ. ਸੇਠੀ ਨੇ ਚੱਪਲ ਤੇ ਈਅਰਫੋਨ ਸੁੱਟੇ, ਜਦੋਂਕਿ ਪਾਰਟੀ ਦੇ ਮੋਹਨ ਮਾਝੀ ਨੇ ਈਅਰਫੋਨ ਸੁੱਟਿਆ। ਸੇਠੀ ਨੇ ਜਿੱਥੇ ਸਪੀਕਰ ਦੇ ਆਸਣ ਵੱਲ ਚੱਪਲ ਸੁੱਟਣ ਦੇ ਦੋਸ਼ ਤੋਂ ਇਨਕਾਰ ਕੀਤਾ, ਉੱਥੇ ਹੀ ਜੇ. ਐੱਨ. ਮਿਸ਼ਰਾ ਨੇ ਕਿਹਾ–ਮੈਨੂੰ ਠੀਕ-ਠੀਕ ਨਹੀਂ ਪਤਾ ਕਿ ਮੈਂ ਕੀ ਸੁੱਟਿਆ ਸੀ ਪਰ ਸਪੀਕਰ ਇਸੇ ਤਰ੍ਹਾਂ ਦੇ ਸਲੂਕ ਦੇ ਹੱਕਦਾਰ ਹਨ। ਉਹ ਲੋਕਤੰਤਰੀ ਢੰਗ ਨਾਲ ਕੰਮ ਨਹੀਂ ਕਰਦੇ। ਇਹ ਵੀ ਬਦਕਿਸਮਤੀ ਭਰਿਆ ਹੈ ਕਿ ਸਦਨ ਵਿਚ ਬਿਨਾਂ ਚਰਚਾ ਦੇ ਬਿੱਲ ਪਾਸ ਹੋ ਰਹੇ ਹਨ।
ਸਪੀਕਰ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਚੱਪਲ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ।