ਵੈਸ਼ਣੋ ਦੇਵੀ ਮੰਦਰ ''ਚ ਸਤੰਬਰ ਤੱਕ ਤਿਆਰ ਹੋ ਜਾਵੇਗਾ 15 ਕਰੋੜ ਦੀ ਲਾਗਤ ਨਾਲ ਬਣਿਆ ਸਕਾਈਵਾਕ
Friday, Jul 14, 2023 - 01:46 PM (IST)
ਜੰਮੂ- ਰਿਆਸੀ ਦੀਆਂ ਤ੍ਰਿਕੁਟਾ ਪਹਾੜੀਆਂ 'ਚ ਵੈਸ਼ਣੋ ਦੇਵੀ ਮੰਦਰ 'ਚ ਲੰਮੇਂ ਸਮੇਂ ਤੋਂ ਉਡੀਕੇ ਜਾ ਰਹੇ ਸਕਾਈਵਾਕ ਪ੍ਰਾਜੈਕਟ ਦੇ 15 ਸਤੰਬਰ ਤੱਕ ਪੂਰਾ ਹੋਣ ਦੀ ਆਸ ਹੈ। ਇਸ 'ਤੇ ਲਗਭਗ 15 ਕਰੋੜ ਰੁਪਏ ਦੀ ਲਾਗਤ ਲੱਗੀ ਹੈ। ਪਿਛਲੇ ਸਾਲ ਇਕ ਜਨਵਰੀ ਨੂੰ ਭੱਜ-ਦੌੜ 'ਚ 12 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ, ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਤੀਰਥ ਯਾਤਰਾ ਨੂੰ ਸੁਚਾਰੂ ਬਣਾਉਣ ਅਤੇ ਅਜਿਹੀ ਕੋਈ ਘਟਨਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪ੍ਰਾਜੈਕਟ ਦੀ ਕਲਪਨਾ ਕੀਤੀ ਸੀ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਕਿਹਾ,''ਉਮੀਦ ਹੈ ਕਿ 15 ਸਤੰਬਰ ਤੱਕ ਪ੍ਰਾਜੈਕਟ ਪੂਰਾ ਹੋ ਜਾਵੇਗਾ, ਕਿਉਂਕਿ ਇਸ ਨੂੰ ਅਕਤੂਬਰ 'ਚ ਨਰਾਤਿਆਂ ਤੋਂ ਪਹਿਲਾਂ ਚਾਲੂ ਕਰਨਾ ਹੋਵੇਗਾ।'' ਸੀ.ਈ.ਓ. ਨੇ ਇਹ ਵੀ ਕਿਹਾ ਕਿ ਸ਼ੁਰੂਆਤ 'ਚ ਸਕਾਈਵਾਕ ਦੀ ਲੰਬਾਈ 200 ਮੀਟਰ ਸੀ ਪਰ ਇਸ ਨੂੰ 50 ਮੀਟਰ ਹੋਰ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ,''ਸ਼੍ਰੀਧਰ ਭਵਨ ਦੀ ਲਿਫ਼ਟ (ਏਲੀਵੇਟਰ) ਕੋਲ ਮੌਜੂਦ ਲਾਈਨ 'ਚ ਸਕਾਈਵਾਕ ਦੀ ਲੰਬਾਈ 50 ਮੀਟਰ ਮੀਟਰ ਵਧਾ ਦਿੱਤੀ ਗਈ ਹੈ। ਸ਼ੁਰੂ 'ਚ ਇਹ ਯੋਜਨਾ ਬਣਾਈ ਗਈ ਸੀ ਕਿ ਸ਼੍ਰੀਧਰ ਭਵਨ ਦੀ ਦੂਜੀ ਮੰਜ਼ਿਲ ਦੇ ਗਲਿਆਰੇ ਦਾ ਉਯੋਗ ਕੀਤਾ ਜਾਵੇਗਾ। ਹਾਲਾਂਕਿ ਇਹ ਦੇਖਿਆ ਗਿਆ ਕਿ ਇਮਾਰਤ ਪੁਰਾਣੀ ਸੀ ਅਤੇ ਸੀ.ਐੱਸ.ਆਈ.ਆਰ.-ਸੀ.ਬੀ.ਆਰ.ਆਈ. ਰੂੜਕੀ ਵਲੋਂ ਰੇਟ੍ਰੋਫਿਟਿੰਗ ਦੀ ਸਲਾਹ ਨਹੀਂ ਦਿੱਤੀ ਗਈ ਸੀ।'' ਸੀ.ਈ.ਓ. ਨੇ ਕਿਹਾ,''ਅਸੀਂ ਪ੍ਰਾਜੈਕਟ 'ਚ ਵੇਟਿੰਗ ਹਾਲ, ਟਾਇਲਟ ਅਤੇ ਐਮਰਜੈਂਸੀ ਨਿਕਾਸ ਵੀ ਜੋੜੇ ਹਨ ਅਤੇ ਸੋਧ ਲਾਗਤ ਹੁਣ ਲਗਭਗ 15 ਕਰੋੜ ਹੈ।'' ਸਕਾਈਵਾਕ ਯਾਤਰੀਆਂ ਲਈ ਪ੍ਰਵੇਸ਼ ਮਾਰਗ ਦੇ ਰੂਪ 'ਚ ਕੰਮ ਕਰਨ ਲਈ ਮੌਜੂਦਾ ਟ੍ਰੈਕ ਤੋਂ 20 ਫੁੱਟ ਦੀ ਉੱਚਾਈ 'ਤੇ 2.5 ਮੀਟਰ ਚੌੜਾ ਪੈਦਲ ਯਾਤਰੀ ਫਲਾਈਓਵਰ ਬਣਨ ਜਾ ਰਿਹਾ ਹੈ। 40 ਮੀਟਰ ਦੀ ਦੂਰੀ 'ਚ 5 ਮੀਟਰ ਦੀ ਚੌੜਾਈ ਵਧਾ ਕੇ ਲਗਭਗ 150 ਯਾਤਰੀਆਂ ਲਈ ਬੈਠਣ ਦੀ ਵੀ ਯੋਜਨਾ ਬਣਾਈ ਗਈ ਹੈ।