ਓਡੀਸ਼ਾ ''ਚ ਬੱਸ ਪਲਟਣ ਨਾਲ 6 ਸੈਲਾਨੀਆਂ ਦੀ ਮੌਤ, 45 ਜ਼ਖ਼ਮੀ

05/25/2022 10:22:57 AM

ਭੁਵਨੇਸ਼ਵਰ (ਵਾਰਤਾ)- ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਕਲਿੰਗ ਘਾਟੀ 'ਚ ਮੰਗਲਵਾਰ ਦੇਰ ਰਾਤ ਬੱਸ ਦੇ ਪਲਟ ਜਾਣ ਤੋਂ ਪੱਛਮੀ ਬੰਗਾਲ ਦੇ ਘੱਟੋ-ਘੱਟ 6 ਸੈਲਾਨੀਆਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਸ ਹਾਦਸੇ 'ਚ 4 ਔਰਤਾਂ ਸਮੇਤ 2 ਪੁਰਸ਼ਾਂ ਦੀ ਮੌਤ ਹੋਈ ਹੈ। ਜ਼ਖ਼ਮੀ ਹੋਏ 45 ਲੋਕਾਂ 'ਚੋਂ 30 ਨੂੰ ਭੰਜਨਗਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ 15 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਬਰਹਾਮਪੁਰ ਦੇ ਐੱਮ.ਕੇ.ਸੀ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ : ED ਦੀ ਪੁੱਛਗਿੱਛ ’ਚ ਭਾਣਜੇ ਨੇ ਕੀਤਾ ਖੁਲਾਸਾ, ਕਰਾਚੀ ’ਚ ਹੀ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ

ਐੱਮ.ਕੇ.ਸੀ.ਜੀ. ਹਸਪਤਾਲ ਨੇ ਕਿਹਾ ਕਿ ਇੱਥੇ ਦਾਖ਼ਲ 15 ਮਰੀਜ਼ਾਂ ਦੀ ਹਾਲਤ ਸਥਿਰ ਹੈ। ਜਾਣਕਾਰੀ ਅਨੁਸਾਰ, ਹਾਵੜਾ ਜ਼ਿਲ੍ਹੇ ਦੇ ਊਧਮਪੁਰ ਇਲਾਕੇ ਤੋਂ ਬੱਚਿਆਂ ਸਮੇਤ 60 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਬੱਸ ਦਰਿੰਗਬਾੜੀ ਤੋਂ ਪੱਛਮੀ ਬੰਗਾਲ ਪਰਤ ਰਹੀ ਸੀ, ਉਦੋਂ ਇਹ ਹਾਦਸਾ ਹੋਇਆ। ਘਟਨਾ ਤੋਂ ਬਾਅਦ ਭੰਜਨਗਰ ਪੁਲਸ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਹੁਣ ਤੱਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਕੁਝ ਯਾਤਰੀਆਂ ਨੇ ਕਿਹਾ ਕਿ ਬ੍ਰੇਕ ਫ਼ੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News