ਟਰੱਕ ਅਤੇ ਐਂਬੂਲੈਂਸ ''ਚ ਜ਼ਬਰਦਸਤ ਟੱਕਰ, 6 ਲੋਕਾਂ ਦੀ ਮੌਤ
Saturday, Jul 13, 2024 - 01:31 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਨੂੰ ਇਕ ਟਰੱਕ ਨਾਲ ਟਕਰਾਉਣ ਕਾਰਨ ਐਂਬੂਲੈਂਸ 'ਚ ਸਫ਼ਰ ਕਰ ਰਹੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਨੇੜਲੇ ਹਸਪਤਾਲ ਵਿਚ ਇਲਾਜ ਅਧੀਨ ਦੋ ਗੰਭੀਰ ਜ਼ਖ਼ਮੀ ਵਿਅਕਤੀਆਂ ਦੀ ਪਛਾਣ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਇਹ ਹਾਦਸਾ ਕੇਸ਼ਪੁਰ ਤੋਂ ਲੰਘਦੇ ਪੰਚਮੀ ਹਾਈਵੇਅ ਨੇੜੇ ਉਸ ਸਮੇਂ ਵਾਪਰਿਆ, ਜਦੋਂ ਐਂਬੂਲੈਂਸ ਤੋਂ ਅਪਰਨਾ ਬੇਗ ਨਾਂ ਦੇ ਮਰੀਜ਼ ਨੂੰ ਖੀਰਪਾਈ ਦੇ ਇਕ ਹਸਪਤਾਲ ਤੋਂ ਮੇਦੀਨਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਕੇ ਜਾ ਰਹੀ ਸੀ।
ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਰੀਜ਼ ਦੇ ਪਰਿਵਾਰਕ ਮੈਂਬਰਾਂ ਅਤੇ ਡਰਾਈਵਰ ਸਮੇਤ ਅੱਠ ਲੋਕਾਂ ਨੂੰ ਲਿਜਾ ਰਹੀ ਐਂਬੂਲੈਂਸ ਸੀਮੈਂਟ ਦੀਆਂ ਬੋਰੀਆਂ ਨਾਲ ਭਰੇ ਟਰੱਕ ਨਾਲ ਟਕਰਾ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਪਰਨਾ ਦੀ ਮਾਂ ਅਨੀਮਾ ਮਲਿਕ, ਉਸ ਦੇ ਪਤੀ ਸ਼ਿਆਮਪਦਾ ਬਾਗ, ਚਾਚਾ ਸ਼ਿਆਮਲ ਭੂਨੀਆ ਅਤੇ ਮਾਸੀ ਚੰਦਨਾ ਭੂਨੀਆ ਵਜੋਂ ਹੋਈ ਹੈ, ਜਦਕਿ ਦੋ ਹੋਰਨਾਂ ਦੀ ਅਜੇ ਤੱਕ ਪਛਾਣ ਨਹੀਂ ਹੋਈ ਹੈ। ਅਪਰਨਾ ਅਤੇ ਸ਼ਿਆਮਪਦਾ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਅਪਰਨਾ ਅਤੇ ਡਰਾਈਵਰ ਦੋਵਾਂ ਦੀ ਹਾਲਤ ਨਾਜ਼ੁਕ ਹੈ। ਡਾਕਟਰ ਉਨ੍ਹਾਂ ਦੇ ਦੇਖ-ਰੇਖ ਕਰ ਰਹੇ ਹਨ।