ਅੱਧੀ ਰਾਤ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ ਤੇ 17 ਜ਼ਖ਼ਮੀ

Sunday, Sep 29, 2024 - 05:47 AM (IST)

ਅੱਧੀ ਰਾਤ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ ਤੇ 17 ਜ਼ਖ਼ਮੀ

ਮੈਹਰ — ਮੱਧ ਪ੍ਰਦੇਸ਼ ਦੇ ਮੈਹਰ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਤੋਂ ਨਾਗਪੁਰ (ਮਹਾਰਾਸ਼ਟਰ) ਜਾ ਰਹੀ ਇਕ ਬੱਸ ਦੀ ਸੜਕ ਕਿਨਾਰੇ ਖੜ੍ਹੇ ਡੰਪਰ ਨਾਲ ਟੱਕਰ ਹੋ ਗਈ, ਜਿਸ ਕਾਰਨ ਬੱਸ 'ਚ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਹਾਦਸਾ ਮੈਹਰ ਨੇੜੇ ਦੇਹਤ ਥਾਣਾ ਖੇਤਰ 'ਚ ਦੇਰ ਰਾਤ ਹੋਇਆ। ਤੇਜ਼ ਰਫਤਾਰ ਨਾਲ ਜਾ ਰਹੀ ਬੱਸ ਸੜਕ ਕਿਨਾਰੇ ਖੜ੍ਹੇ ਡੰਪਰ ਨਾਲ ਭਿਆਨਕ ਰੂਪ ਵਿਚ ਟਕਰਾ ਗਈ। ਇਸ ਕਾਰਨ ਬੱਸ 'ਚ ਸਵਾਰ 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸੂਚਨਾ ਮਿਲਣ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਮੈਹਰ, ਅਮਰਪਾਟਨ ਅਤੇ ਸਤਨਾ ਦੇ ਹਸਪਤਾਲਾਂ 'ਚ ਪਹੁੰਚਾਇਆ। ਫਿਲਹਾਲ ਜ਼ਖਮੀਆਂ ਦੀ ਗਿਣਤੀ 17 ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਬੱਸ ਡਰਾਈਵਰ ਵੀ ਸ਼ਾਮਲ ਹੈ। ਮੌਕੇ 'ਤੇ ਮੌਜੂਦ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਬੱਸ ਪ੍ਰਯਾਗਰਾਜ ਤੋਂ ਨਾਗਪੁਰ ਵੱਲ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ ਅਤੇ ਸੜਕ ਕਿਨਾਰੇ ਖੜ੍ਹੇ ਡੰਪਰ ਨਾਲ ਟਕਰਾ ਗਈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੇਰ ਰਾਤ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਬੱਸ ਵਿੱਚ ਕਿੰਨੇ ਯਾਤਰੀ ਸਵਾਰ ਸਨ। ਮੰਨਿਆ ਜਾ ਰਿਹਾ ਹੈ ਕਿ ਇਸ 'ਚ ਕਰੀਬ 25 ਯਾਤਰੀ ਸਵਾਰ ਹੋ ਸਕਦੇ ਹਨ। ਭਿਆਨਕ ਟੱਕਰ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ 'ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਦੇਰ ਰਾਤ ਤੱਕ ਜਾਰੀ ਸੀ।


author

Inder Prajapati

Content Editor

Related News