''ਆਪ'' ਨੂੰ ਦੋ ਕਰੋੜ ਚੰਦਾ ਦੇ ਕੇ ਵੈਟ ਵਿਭਾਗ ਨੂੰ ਲਾਇਆ 6 ਕਰੋੜ ਰੁਪਏ ਦਾ ਚੂਨਾ
Saturday, Jun 17, 2017 - 08:34 AM (IST)

ਨਵੀਂ ਦਿੱਲੀ — 'ਆਪ' ਨੂੰ 2 ਕਰੋੜ ਰੁਪਏ ਦਾ ਚੰਦਾ ਦੇਣ ਵਾਲੇ ਕਾਰੋਬਾਰੀ ਮੁਕੇਸ਼ ਕੁਮਾਰ ਦੀਆਂ ਕੰਪਨੀਆਂ ਨੇ ਦਿੱਲੀ ਸਰਕਾਰ ਦੇ ਵੈਟ ਵਿਭਾਗ ਨੂੰ 6 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਵਿਜੀਲੈਂਸ ਵਿਭਾਗ ਨੇ ਐੱਲ. ਜੀ. ਦੇ ਨਿਰਦੇਸ਼ਾਂ 'ਤੇ ਮੁਕੇਸ਼ ਕੁਮਾਰ ਦੀਆਂ ਕੰਪਨੀਆਂ ਦੀ ਜਾਂਚ ਸ਼ੁਰੂ ਕਰਦੇ ਹੋਏ ਦਿੱਲੀ ਸਰਕਾਰ ਦੇ 30 ਵਿਭਾਗ ਪ੍ਰਧਾਨਾਂ ਨੂੰ ਪੱਤਰ ਲਿਖਿਆ ਹੈ ਕਿ ਕਿਸੇ ਵਿਭਾਗ ਵਲੋਂ ਮੁਕੇਸ਼ ਕੁਮਾਰ ਦੀ ਕੰਪਨੀ ਨੂੰ ਕੋਈ ਕੰਮ ਜਾਂ ਠੇਕਾ ਦਿੱਤਾ ਗਿਆ ਤਾਂ ਉਸਦਾ ਵੇਰਵਾ ਚੌਕਸੀ ਵਿਭਾਗ ਨੂੰ ਤੁਰੰਤ ਦੇਣ।
ਵਿਜੀਲੈਂਸ ਹੁਣ ਇਹ ਜਾਂਚ ਕਰ ਰਿਹਾ ਹੈ ਕਿ 5.5 ਕਰੋੜ ਦਾ ਵੈਟ ਵਿਭਾਗ ਨੂੰ ਚੂਨਾ ਲਾਉਣ ਦੀ ਇਵਜ਼ ਵਿਚ 2 ਕਰੋੜ ਦਾ ਚੰਦਾ ਦਿੱਤਾ ਗਿਆ ਜਾਂ 'ਆਪ' ਦੇ ਖਾਤੇ ਵਿਚ ਚੰਦਾ ਜਮ੍ਹਾ ਹੋਣ ਦੇ ਬਾਅਦ ਵੈਟ ਅਧਿਕਾਰੀਆਂ ਨੇ ਬਕਾਇਆ ਭੁਗਤਾਨ ਵਸੂਲਣ ਵਿਚ ਢਿੱਲ ਵਰਤੀ।
ਚੌਕਸੀ ਵਿਭਾਗ ਨੇ ਵੈਟ ਵਿਭਾਗ ਤੋਂ ਮੁਕੇਸ਼ ਕੁਮਾਰ ਦੀਆਂ ਸਾਰੀਆਂ ਕੰਪਨੀਆਂ ਬਾਰੇ ਜਾਣਕਾਰੀ ਮੰਗੀ ਹੈ। ਸੂਤਰਾਂ ਅਨੁਸਾਰ ਮੁਕੇਸ਼ ਦੇ ਕੋਲ ਕਈ ਕੰਪਨੀਆਂ ਹਨ, ਜਿਸ ਬਾਰੇ ਐੱਲ. ਜੀ. ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤਕਰਤਾ ਨੇ ਐੱਲ. ਜੀ. ਤੋਂ ਮੁਕੇਸ਼ 'ਤੇ ਅਪਰਾਧਿਕ ਮਾਮਲੇ ਦਰਜ ਕਰਵਾਉਣ ਦੀ ਇਜਾਜ਼ਤ ਮੰਗੀ ਪਰ ਐੱਲ. ਜੀ. ਨੇ ਸ਼ਿਕਾਇਤ ਨੂੰ ਵਿਜੀਲੈਂਸ ਵਿਭਾਗ ਨੂੰ ਸੌਂਪ ਕੇ ਜਾਣਕਾਰੀ ਜੁਟਾਉਣ ਲਈ ਕਿਹਾ, ਨਾਲ ਹੀ ਗ੍ਰਹਿ ਮੰਤਰਾਲੇ ਨੂੰ ਸਾਰੀ ਜਾਣਕਾਰੀ ਤੁਰੰਤ ਭੇਜ ਦਿੱਤੀ ਗਈ। ਐੱਲ. ਜੀ. ਨੇ ਗ੍ਰਹਿ ਮੰਤਰਾਲੇ ਨੂੰ ਵਿਜੀਲੈਂਸ ਦੇ ਇਲਾਵਾ ਕਿਸੇ ਹੋਰ ਏਜੰਸੀ ਤੋਂ ਵੀ ਜਾਂਚ ਕਰਵਾਉਣ ਲਈ ਕਿਹਾ, ਨਾਲ ਹੀ ਦਿੱਲੀ ਸਰਕਾਰ ਦੀ ਵਿਜੀਲੈਂਸ ਵਿਭਾਗ ਦੀ ਰਿਪੋਰਟ ਵੀ ਐੱਲ. ਜੀ. ਅਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ।
ਜਿਹੜੀਆਂ ਕੰਪਨੀਆਂ 'ਤੇ ਸ਼ੁਰੂ ਹੋਈ ਜਾਂਚ
- ਐੱਸ. ਕੇ. ਐਸੋਸੀਏਟ ਪ੍ਰਾਈਵੇਟ ਲਿਮਟਿਡ
- ਸਕਾਈਲਾਈਨ ਮੈਟਲ ਐਂਡ ਐਲਵਾਇਜ ਪ੍ਰਾਈਵੇਟ ਲਿਮਟਿਡ
- ਸਨਵਿਜ਼ਨ ਏਜੰਸੀ ਪ੍ਰਾਈਵੇਟ ਲਿਮਟਿਡ
- ਇੰਫੋਲਾਂਸ ਸਾਫਟਵੇਅਰ ਸਲਿਊਸ਼ਨਸ