SIU ਨੇ ਲਸ਼ਕਰ ਸਹਿਯੋਗੀ ਦਾ ਘਰ ਕੀਤਾ ਕੁਰਕ
Friday, Jun 23, 2023 - 11:02 AM (IST)

ਸ਼੍ਰੀਨਗਰ/ਜੰਮੂ (ਉਦੈ)- ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਰਸਦ ਸਹਾਇਤਾ ਮੁਹੱਈਆ ਕਰਨ ’ਤੇ ਸਪੈਸ਼ਲ ਜਾਂਚ ਏਜੰਸੀ (ਐੱਸ.ਆਈ.ਯੂ.) ਸ਼ੋਪੀਆਂ ਨੇ ਅਨੰਤਨਾਗ ਜ਼ਿਲ੍ਹੇ ਦੇ ਸੁਭਾਨਪੋਰਾ ਬਿਜਬੇਹਾੜਾ ’ਚ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ਦਾ ਰਿਹਾਇਸ਼ੀ ਘਰ ਕੁਰਕ ਕੀਤਾ ਹੈ। ਜਾਣਕਾਰੀ ਮੁਤਾਬਕ ਯੂ. ਏ. (ਪੀ.) ਕਾਨੂੰਨ ਦੇ ਤਹਿਤ ਪੁਲਸ ਸਟੇਸ਼ਨ ਜੈਨਪੋਰਾ ਸ਼ੋਪੀਆਂ ਦੀ ਐੱਫ ਆਈ.ਆਰ. ਨੰ. 22/2022 ਮਾਮਲੇ ਦੀ ਜਾਂਚ ਦੌਰਾਨ ਜ਼ੁਬੈਰ ਅਹਿਮਦ ਗਨਈ ਪੁੱਤਰ ਅਬਦੁਲ ਰਹਿਮਾਨ ਗਨਈ ਨਿਵਾਸੀ ਸੁਭਾਨਪੋਰਾ ਦੇ ਘਰ ਦੀ ਵਰਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਵੱਲੋਂ ਕੀਤੀ ਗਈ, ਜਿਸ ਦੀ ਜਾਂਚ ’ਚ ਪੁਸ਼ਟੀ ਹੋਈ।
ਇਸ ਤੋਂ ਬਾਅਦ ਉਪਰੋਕਤ ਦੋਸ਼ੀਆਂ ਨਾਲ ਸਬੰਧਤ ਜਾਇਦਾਦ ਦੀ ਕੁਰਕੀ ਦੀ ਪ੍ਰਕਿਰਿਆ ਐੱਸ.ਆਈ.ਯੂ. ਸ਼ੋਪੀਆਂ ਵੱਲੋਂ ਸ਼ੁਰੂ ਕੀਤੀ ਗਈ ਸੀ। ਐੱਸ.ਆਈ.ਯੂ. ਨੇ ਆਮ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਘਰਾਂ ਜਾਂ ਕੰਪਲੈਕਸਾਂ ’ਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਪਨਾਹ ਜਾਂ ਰਸਦ ਨਾ ਦੇਣ, ਨਹੀਂ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।