ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ
Wednesday, Sep 22, 2021 - 06:08 PM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਕਮੇਟੀ ਮੈਂਬਰਸ਼ਿਪ ਲਈ ਅਯੋਗ ਐਲਾਨ ਹੋਣ ਦੇ ਮਾਮਲੇ ਵਿਚ ‘ਜਾਗੋ’ ਪਾਰਟੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਸਮੇਤ ਪੁਰੀ ਕਾਰਜਕਾਰਨੀ ਦਾ ਅਸਤੀਫ਼ਾ ਮੰਗਿਆ ਹੈ। ‘ਜਾਗੋ’ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀ ਸਿਰਸਾ ਦਾ ਗੁਰ ਸਿੱਖੀ ਅਤੇ ਗੁਰਮੁਖੀ ਟੈਸਟ ’ਚ ਫੇਲ੍ਹ ਹੋਣਾ ਸ਼੍ਰੋਮਣੀ ਕਮੇਟੀ ਦੀ ਬਾਦਲ ਸਪਾਂਸਰ ਪ੍ਰਬੰਧ ਦੀ ਵੱਡੀ ਹਾਰ ਹੈ। ਜੀ. ਕੇ. ਨੇ ਸਾਰੇ 46 ਮੈਂਬਰਾਂ ਦਾ ਗੁਰਮੁਖੀ ਟੈਸਟ ਕਰਾਉਣ ਦੀ ਵਕਾਲਤ ਕਰਦੇ ਹੋਏ ਸਿਰਸਾ ’ਤੇ ਤੰਜ ਕੱਸਿਆ ਕਿ ਜੇਕਰ ਡਾਇਰੈਕਟਰ ਦੀ ਥਾਂ ਸਿਰਸਾ ਨੇ ਖ਼ੁਦ ਪੇਪਰ ਸੈੱਟ ਕੀਤਾ ਹੁੰਦਾ ਤਾਂ ਸਿਰਸਾ ਫੇਲ੍ਹ ਨਾ ਹੁੰਦੇ। ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਕੁਲਵੰਤ ਸਿੰਘ ਬਾਠ ਨੇ ਸਿਰਸਾ ਦੇ ਹੰਕਾਰ ਨੂੰ ਸਿਰਸਾ ਦੇ ਫੇਲ੍ਹ ਹੋਣ ਦੀ ਵਜ੍ਹਾ ਦੱਸਿਆ। ‘ਜਾਗੋ’ ਪਾਰਟੀ ਦੇ ਮੁੱਖ ਜਨਰਲ ਸਕੱਤਰ ਪਰਮਿੰਦਰ ਸਿੰਘ ਨੇ ਸਿਰਸਾ ਨੂੰ ਆਪਣੀ ਪੰਜਾਬੀ ਆਨਰਸ ਦੀ ਡਿਗਰੀ ਜਨਤਕ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ - ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਈ ਗਈ ਗੁਰਮੁਖੀ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ
ਸਿਰਸਾ 25 ਅਗਸਤ ਨੂੰ ਆਏ ਚੋਣ ਨਤੀਜਿਆਂ ਵਿਚ ‘ਪੰਜਾਬੀ ਬਾਗ ਵਾਰਡ’ ਤੋਂ ਚੋਣਾਂ ਹਾਰ ਜਾਂਦੇ ਹਨ ਪਰ ਉਸੇ ਦਿਨ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੇ ਨਵੇਂ ਚੁਣੇ ਕਮੇਟੀ ਮੈਂਬਰਾਂ ਸਾਹਮਣੇ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਕੋਟੇ ਦੀ ਇਕਮਾਤਰ ਸੀਟ ’ਤੇ ਮੈਂਬਰ ਨਾਮਜ਼ਦ ਕਰਨ ਦਾ ਐਲਾਨ ਕਰਦੇ ਹਨ। ਜਲਦਬਾਜ਼ੀ ਵਿਚ ਉਸ ਸਮੇਂ ਸ਼੍ਰੋਮਣੀ ਕਮੇਟੀ ਸਿਰਸਾ ਨੂੰ ਨਾਮਜ਼ਦ ਕਰਨ ਵਾਲਾ ਪੱਤਰ ਜਾਰੀ ਕਰ ਦਿੰਦੀ ਹੈ, ਜਿਸ ’ਚ 23 ਅਗਸਤ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਬੈਠਕ ’ਚ ਸਿਰਸਾ ਨੂੰ ਦਿੱਲੀ ਕਮੇਟੀ ’ਚ ਨਾਮਜ਼ਦ ਕਰਨ ਦਾ ਮਤਾ ਪਾਸ ਹੋਣ ਦਾ ਹਵਾਲਾ ਹੁੰਦਾ ਹੈ। ਜੀ. ਕੇ. ਨੇ ਸਵਾਲ ਪੁੱਛਿਆ ਕਿ ਸਿਰਸਾ ਨੂੰ ਕੀ ਸੁਫ਼ਨਾ ਆਇਆ ਸੀ ਕਿ ਉਹ 25 ਅਗਸਤ ਨੂੰ ਚੋਣਾਂ ਹਾਰ ਰਹੇ ਹਨ, ਇਸ ਲਈ 23 ਅਗਸਤ ਨੂੰ ਤੁਹਾਨੂੰ ਮੈਂਬਰ ਨਾਮਜ਼ਦ ਕਰਵਾਉਣ ਦਾ ਫ਼ੈਸਲਾ ਕਰਵਾ ਲਿਆ ਸੀ?
ਜੀ. ਕੇ. ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਅਤੇ ਕਾਰਜਕਾਰਨੀ ਮੈਂਬਰਾਂ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਅਦਾਲਤ ਵਿਚ ਦਰਜ ਕਰਾਉਣਗੇ ਕਿਉਂਕਿ ਉਹ ਗਲਤ ਕਾਗਜ਼ ਤਿਆਰ ਕਰਨ ਦੇ ਦੋਸ਼ੀ ਹਨ। ਇਸ ਮੌਕੇ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਸਾਬਕਾ ਕਮੇਟੀ ਮੈਂਬਰ ਚਮਨ ਸਿੰਘ, ਹਰਮਨਜੀਤ ਸਿੰਘ, ਹਰਿੰਦਰ ਪਾਲ ਸਿੰਘ ਆਦਿ ਮੌਜੂਦ ਸਨ।