ਨੌਜਵਾਨ ਨਾਲ ਕੁੱਟਮਾਰ ਮਗਰੋਂ ਨਗਨ ਹਾਲਤ ਚ ਸ਼ਰੇਆਮ ਬਾਜ਼ਾਰ ’ਚ ਘੁੰਮਾਇਆ, 7 ਮੁਲਜ਼ਮ ਗ੍ਰਿਫ਼ਤਾਰ
Thursday, Dec 15, 2022 - 12:42 PM (IST)

ਸਿਰਸਾ (ਲਲਿਤ)- ਸਿਰਸਾ ਸ਼ਹਿਰ ’ਚ ਆਪਸੀ ਲੜਾਈ ਝਗੜੇ ’ਚ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਦੇ ਕੱਪੜੇ ਉਤਰਵਾ ਕੇ ਉਸ ਨੂੰ ਨੰਗਾ ਕੀਤਾ ਤੇ ਸਾਰੇ ਬਾਜ਼ਾਰ ’ਚ ਘੁਮਾਇਆ। ਮੁਲਜ਼ਮਾਂ ਵੱਲੋਂ ਇਸ ਪੂਰੀ ਘਟਨਾ ਦਾ ਇਕ ਵੀਡਿਓ ਬਣਾ ਕੇ ਸੋਸ਼ਲ ਮੀਡਿਆ ’ਤੇ ਵੀ ਵਾਇਰਲ ਕੀਤੀ ਗਈ। ਪੁਲਸ ਨੇ ਇਸ ਮਾਮਲੇ ’ਚ ਮਾਮਲਾ ਦਰਜ ਕਰ ਕੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਸ਼ਹਿਰ ਵਿਚ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਤਹਿਤ ਝਗੜਾ ਹੋਇਆ ਸੀ। ਇਸ ਦਰਮਿਆਨ ਮੇਲਾ ਗਰਾਊਂਡ ਵਾਸੀ ਵਿਸ਼ਾਲ ਆਪਣੇ ਦੋਸਤ ਨਾਲ ਮੋਟਰਾਸਾਈਕਲ ’ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਰਸਤੇ ’ਚ ਸੰਜੂ ਸੈਣ ਤੇ ਉਸਦੇ ਨਾਲ ਮੌਜੂਦ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਵਿਸ਼ਾਲ ਦੇ ਕੱਪੜੇ ਉਤਰਵਾ ਕੇ ਉਸਨੂੰ ਨੰਗਾ ਕਰ ਦਿੱਤਾ। ਫਿਰ ਉਸਨੂੰ ਬਾਜ਼ਾਰ ’ਚੋਂ ਨੰਗਾ ਘੁਮਾਇਆ।
ਇਸ ਗੰਭੀਰ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ ਪੀੜਤ ਨੌਜਵਾਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ, ਕਿਉਂਕਿ ਪੀੜਤ ਨੂੰ ਸੱਟਾਂ ਲੱਗੀਆਂ ਹਨ। ਪੁਲਸ ਨੇ ਇਸ ਮਾਮਲੇ ’ਚ ਸੰਜੂ ਪੁੱਤਰ ਕਾਲੂਰਾਮ, ਯਸ਼ ਪੁੱਤਰ ਲਲਿਤ ਕੁਮਾਰ, ਗਗਨਦੀਪ ਪੁੱਤਰ ਸਤਪਾਲ, ਕਮਲ ਪੁੱਤਰ ਰਿੰਕੂ, ਜਸ਼ਨ, ਕਰਨ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।