ਭਾਰਤ ''ਚ ''ਕੋਰੋਨਾ'' ਆਫ਼ਤ, ਮਰੀਜ਼ਾਂ ਦਾ ਅੰਕੜਾ 21 ਲੱਖ ਦੇ ਪਾਰ
Sunday, Aug 09, 2020 - 11:38 AM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਇਕ ਦਿਨ ਵਿਚ ਰਿਕਾਰਡ 64,399 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਐਤਵਾਰ ਨੂੰ ਵਾਇਰਸ ਦੇ ਕੁੱਲ ਕੇਸ 21 ਲੱਖ ਦਾ ਅੰਕੜਾ ਪਾਰ ਕਰ ਗਏ ਹਨ, ਜਦਕਿ 861 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 43,379 ਹੋ ਗਈ ਹੈ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਅੰਦਰ 53,879 ਹੋਰ ਲੋਕਾਂ ਦੇ ਇਸ ਗਲੋਬਲ ਮਹਾਮਾਰੀ ਤੋਂ ਉਭਰਨ ਮਗਰੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 14,80,885 ਹੋ ਗਈ ਹੈ। ਇਸ ਦੇ ਨਾਲ ਹੀ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 68.78 ਫੀਸਦੀ ਹੋ ਗਈ ਹੈ।
ਦੇਸ਼ 'ਚ ਇਸ ਸਮੇਂ 6,28,747 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸ ਵੱਧ ਕੇ 21,53,010 ਹੋ ਗਏ ਹਨ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਕੋਵਿਡ-19 ਦੇ ਇਕ ਦਿਨ 'ਚ 60,000 ਤੋਂ ਵਧੇਰੇ ਕੇਸ ਆਏ ਹਨ। ਭਾਰਤ ਵਿਚ ਸ਼ੁੱਕਰਵਾਰ ਨੂੰ ਵਾਇਰਸ ਦੇ ਕੇਸ 20 ਲੱਖ ਤੋਂ ਵਧੇਰੇ ਹੋ ਗਏ ਸਨ।
ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਸ਼ਨੀਵਾਰ ਨੂੰ 7,19,364 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜੋ ਕਿ ਹੁਣ ਤੱਕ ਇਕ ਦਿਨ ਵਿਚ ਜਾਂਚ ਦੀ ਸਭ ਤੋਂ ਵੱਧ ਗਿਣਤੀ ਹੈ। ਹੁਣ ਤੱਕ 2,41,06,535 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਵਿਗਿਆਨਕ ਅਤੇ ਆਈ. ਸੀ. ਐੱਮ. ਆਰ. ਦੇ ਮੀਡੀਆ ਕੋਆਰਡੀਨੇਟਰ ਲੋਕੇਸ਼ ਸ਼ਰਮਾ ਨੇ ਕਿਹਾ ਕਿ ਭਾਰਤ ਵਿਚ ਹਰ ਮਿੰਟ 'ਚ ਕੋਰੋਨਾ ਦੇ ਕਰੀਬ 500 ਨਮੂਨਿਆਂ ਦੀ ਜਾਂਚ ਹੋ ਰਹੀ ਹੈ ਅਤੇ ਰੋਜ਼ਾਨਾ ਜਾਂਚ ਦੀ ਸਮਰੱਥਾ ਵਧਾ ਕੇ 5 ਲੱਖ ਤੋਂ ਵਧੇਰੇ ਹੋ ਗਈ ਹੈ।