ਸਿੱਕਮ ਵਿਚ ਰਹੇਗੀ ਪੂਰੀ ਤਾਲਾਬੰਦੀ, ਸਾਰੇ ਵਪਾਰਕ ਅਦਾਰੇ ਵੀ ਰਹਿਣਗੇ ਬੰਦ

Monday, Jul 20, 2020 - 09:20 PM (IST)

ਗੰਗਟੋਕ- ਸਿੱਕਮ ਸਰਕਾਰ ਨੇ ਸੂਬੇ ਵਿਚ 21 ਜੁਲਾਈ ਤੋਂ 27 ਜੁਲਾਈ ਤਕ ਪੂਰੀ ਤਰ੍ਹਾਂ ਤਾਲਾਬੰਦੀ ਲਾਗੂ ਕਰਨ ਦਾ ਸੋਮਵਾਰ ਨੂੰ ਫੈਸਲਾ ਕੀਤਾ ਹੈ। ਇਹ ਫੈਸਲਾ ਹਾਲ ਹੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਲਿਆ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮੁੱਖ ਸਕੱਤਰ ਐੱਸ. ਸੀ. ਗੁਪਤਾ ਵਲੋਂ ਜਾਰੀ ਇਕ ਸੂਚਨਾ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਕੋਰੋਨਾ ਦੀ ਸਥਿਤੀ ਦੇ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰਨ ਮਗਰੋਂ ਤਾਲਾਬੰਦੀ ਕਰਨ ਦਾ ਫੈਸਲਾ ਲਿਆ ਗਿਆ ਹੈ। 


ਇਸ ਵਿਚ ਕਿਹਾ ਗਿਆ ਹੈ ਕਿ ਸਿੱਕਮ ਵਿਚ 21 ਜੁਲਾਈ ਸਵੇਰੇ 6 ਵਜੇ ਤੋਂ 27 ਜੁਲਾਈ ਸਵੇਰੇ 6 ਵਜੇ ਤੱਕ ਤਾਲਾਬੰਦੀ ਕੀਤੀ ਗਈ ਹੈ। ਸਰਕਾਰੀ ਦਫਤਰਾਂ, ਦੁਕਾਨਾਂ, ਵਪਾਰਕ ਅਦਾਰਿਆਂ, ਸੰਸਥਾਵਾਂ, ਬਾਜ਼ਾਰ ਤੇ ਕਾਰਖਾਨਿਆਂ ਨੂੰ ਬੰਦ ਰੱਖਿਆ ਜਾਵੇਗਾ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀਆਂ ਵਲੋਂ ਦਿੱਤੀਆਂ ਗਈਆਂ ਛੋਟਾਂ ਨੂੰ ਛੱਡ ਕੇ ਸਾਰੀਆਂ ਗਤੀਵਿਧੀ ਸਭਾ, ਲੋਕਾਂ ਦੀ ਆਵਾਜਾਈ ਅਤੇ ਸਾਮਾਨ ਲਿਆਉਣ ਲੈ ਜਾਣ ਅਤੇ ਯਾਤਰੀ ਵਾਹਨਾਂ ਦੀ ਆਵਾਜਾਈ ਉੱਤੇ ਪਾਬੰਦੀ ਰਹੇਗੀ। ਇਸ ਵਿਚ ਕਿਹਾ ਗਿਆ ਹੈ ਕਿ ਪੜ੍ਹਾਈ, ਕੋਚਿੰਗ ਤੇ ਸਿਖਲਾਈ ਵਰਗੇ ਸੰਸਥਾਨ 31 ਅਗਸਤ ਤੱਕ ਬੰਦ ਹੀ ਰੱਖੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਤਾਲਾਬੰਦੀ ਦੇ ਦਿਨਾਂ ਦੌਰਾਨ ਜ਼ਿਲ੍ਹਾ ਮੈਜੀਸਟਰੇਟ ਰਾਤ ਸਾਢੇ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ ਕਰਨਗੇ। 


Sanjeev

Content Editor

Related News