ਸਿੱਖ ਵਿਰੋਧੀ ਦੰਗੇ: ਟਾਈਟਲਰ ਦੀ ਆਵਾਜ਼ ਨਾਲ ਸਬੰਧਤ ਨਤੀਜੇ ਦੇਣ ਲਈ CBI ਨੂੰ ਮਿਲਿਆ ਸਮਾਂ

07/22/2023 5:22:01 PM

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਇਲਾਕੇ 'ਚ ਕਤਲਾਂ ਨਾਲ ਜੁੜੇ ਇਕ ਮਾਮਲੇ 'ਚ ਦੋਸ਼ੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਨਮੂਨਿਆਂ ਦੇ ਸਬੰਧ 'ਚ ਫੋਰੈਂਸਿਕ ਨਤੀਜੇ ਪੇਸ਼ ਕਰਨ ਲਈ ਸੀ. ਬੀ. ਆਈ. ਨੂੰ 5 ਦਿਨ ਦਾ ਸਮਾਂ ਦਿੱਤਾ ਹੈ। ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਨੇ ਮਾਮਲੇ 'ਚ ਟਾਈਟਲਰ ਖ਼ਿਲਾਫ ਦਾਇਰ ਦੋਸ਼ ਪੱਤਰ ਨੂੰ ਧਿਆਨ 'ਚ ਲੈਣ ਦੇ ਸਬੰਧ 'ਚ ਵੀ ਫ਼ੈਸਲਾ 26 ਜੁਲਾਈ ਤੱਕ ਲਈ ਟਾਲ ਦਿੱਤਾ।

ਜੱਜ ਨੇ ਸੀ. ਬੀ. ਆਈ. ਦੇ ਇਹ ਕਹਿਣ ਮਗਰੋਂ ਆਦੇਸ਼ ਪਾਸ ਕੀਤਾ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਨਤੀਜੇ ਦੀ ਅਜੇ ਉਡੀਕ ਹੈ। ਇਨ੍ਹਾਂ ਹਲਾਤਾਂ 'ਚ ਮਾਮਲੇ ਨੂੰ ਅੱਜ ਮੁਲਤਵੀ ਕੀਤਾ ਜਾਂਦਾ ਹੈ। ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਸਬੰਧੀ ਨਤੀਜੇ ਪ੍ਰਾਪਤ ਕਰਨ ਅਤੇ ਅੱਗੇ ਦੀ ਕਾਰਵਾਈ ਲਈ 26 ਜੁਲਾਈ ਦੀ ਤਾਰੀਖ਼ ਤੈਅ ਕੀਤੀ ਜਾਂਦੀ ਹੈ। ਸੀ. ਬੀ. ਆਈ. ਨੇ 20 ਮਈ ਨੂੰ ਇਸ ਮਾਮਲੇ ਵਿਚ ਟਾਈਟਲਰ ਖ਼ਿਲਾਫ ਦੋਸ਼ ਪੱਤਰ ਦਾਇਰ ਕੀਤਾ ਸੀ। 

ਕੀ ਹੈ ਪੂਰਾ ਮਾਮਲਾ?

ਦੱਸਣਯੋਗ ਹੈ ਕਿ ਸਾਲ 1984 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਇਕ ਦਿਨ ਬਾਅਦ ਇੱਥੇ ਪੁਲ ਬੰਗਸ਼ ਇਲਾਕੇ 'ਚ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਕ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ ਗਈ ਸੀ। ਅਦਾਲਤ ਦੇ ਸਾਹਮਣੇ ਦਾਇਰ ਆਪਣੇ ਦੋਸ਼ ਪੱਤਰ ਵਿਚ ਸੀ. ਬੀ. ਆਈ. ਨੇ ਕਿਹਾ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ 'ਚ ਇਕੱਠੀ ਭੀੜ ਨੂੰ ਭੜਕਾਇਆ, ਜਿਸ ਦੇ ਨਤੀਜੇ ਵਜੋਂ ਗੁਰਦੁਆਰਾ ਸਾਹਿਬ ਨੂੰ ਸਾੜ ਦਿੱਤਾ ਗਿਆ ਅਤੇ 3 ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ।


Tanu

Content Editor

Related News