ਦਿੱਲੀ ਦੇ ਇਕ ਰੈਸਟੋਰੈਂਟ ਨੇ ਸਿੱਖ ਨੂੰ ਐਂਟਰੀ ਦੇਣ ਤੋਂ ਕੀਤਾ ਇਨਕਾਰ, ਇਹ ਹੈ ਵਜ੍ਹਾ

09/10/2019 12:14:08 PM

ਨਵੀਂ ਦਿੱਲੀ— ਕਦੇ ਹਵਾਈ ਜਹਾਜ਼ 'ਚ ਸਫਰ ਦੌਰਾਨ ਤੇ ਕਦੇ ਰੈਸਟੋਰੈਂਟਾਂ 'ਚ ਸਿੱਖਾਂ ਨਾਲ ਮਾੜਾ ਸਲੂਕ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਦਿੱਲੀ 'ਚ ਸਾਹਮਣੇ ਆਇਆ ਹੈ, ਜਿੱਥੇ 'ਵੀ ਕੁਤੁਬ ਰੈਸਟੋਰੈਂਟ' (We Qutub restaurant) ਨੇ ਇਕ ਸਿੱਖ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ। ਰੈਸਟੋਰੈਂਟ ਨੇ ਉਸ ਦੇ ਧਰਮ ਅਤੇ ਉਸ ਦੀ ਪੋਸ਼ਾਕ ਜੋ ਉਸ ਨੇ ਪਹਿਨੀ ਹੋਈ ਸੀ, ਉਸ ਵਜ੍ਹਾ ਕਰ ਕੇ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ। ਸਿੱਖ ਦਾ ਨਾਂ ਪਰਮ ਸਾਹਿਬ ਹੈ, ਜੋ ਕਿ ਦਿੱਲੀ ਦਾ ਹੀ ਰਹਿਣ ਵਾਲਾ ਹੈ। ਰੈਸਟੋਰੈਂਟ ਵਲੋਂ ਕੀਤੇ ਗਏ ਅਜਿਹੇ ਸਲੂਕ ਨੂੰ ਉਸ ਨੇ ਮੈਸੇਜਿੰਗ ਐਪ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਉਸ ਨੇ ਰੈਸਟੋਰੈਂਟ ਦੇ ਸਟਾਫ 'ਤੇ ਉਸ ਨਾਲ ਅਤੇ ਉਸ ਦੇ ਦੋਸਤਾਂ ਨਾਲ ਮਾੜਾ ਸਲੂਕ ਕੀਤੇ ਜਾਣ ਬਾਰੇ ਦੱਸਿਆ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ। 

ਪਰਮ ਸਾਹਿਬ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਕਿ ਮੈਂ ਆਪਣੇ ਦੋਸਤਾਂ ਨਾਲ ਸ਼ਾਮ ਦੇ ਸਮੇਂ ਰੈਸਟੋਰੈਂਟ ਗਿਆ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਮੈਨੂੰ ਇਕ ਸਰਦਾਰ ਹੋਣ ਦੇ ਆਧਾਰ 'ਤੇ ਅਤੇ ਮੇਰੀ ਦਾੜ੍ਹੀ ਕਾਰਨ ਐਂਟਰੀ ਨਹੀਂ ਦਿੱਤੀ ਗਈ। ਬਸ ਇੰਨਾ ਹੀ ਨਹੀਂ ਉਸ ਨੇ ਦੋਸ਼ ਲਾਇਆ ਕਿ ਰੈਸਟੋਰੈਂਟ ਦੇ ਕਾਊਂਟਰ 'ਤੇ ਉਸ ਦੀਆਂ ਮਹਿਲਾ ਦੋਸਤਾਂ ਨੂੰ ਮਾੜੇ ਬੋਲ ਬੋਲੇ ਗਏ। ਰੈਸਟੋਰੈਂਟ ਵਲੋਂ ਕਿਹਾ ਗਿਆ ਕਿ ਅਸੀਂ ਸਿੱਖ ਲੋਕਾਂ ਨੂੰ ਅੰਦਰ ਨਹੀਂ ਜਾਣ ਦੇ ਸਕਦੇ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੇਰੀ ਕਮੀਜ਼ ਦਾ ਰੰਗ ਪਸੰਦ ਨਹੀਂ ਹੈ।

ਪਰਮ ਸਾਹਿਬ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਮਾਲਕ ਨੂੰ ਅਫਸੋਸ ਹੈ ਅਤੇ ਮੁਆਫ਼ੀ ਵੀ ਮੰਗੀ ਹੈ। ਪਰਮ ਨੇ ਕਿਹਾ ਕਿ ਰੈਸਟੋਰੈਂਟ ਮਾਲਕ ਨੇ ਸਾਡੇ ਨਾਲ ਇੰਸਟਰਾਗ੍ਰਾਮ 'ਤੇ ਸੰਪਰਕ ਕਾਇਮ ਕੀਤਾ। ਪਰਮ ਨੇ ਕਿਹਾ ਕਿ ਜਦੋਂ ਅਸੀਂ ਇੰਸਟਰਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਵੀ ਕੁਤੁਬ ਵਿਖੇ ਅਜਿਹੀਆਂ ਘਟਨਾਵਾਂ ਬਾਰੇ ਮੈਸੇਜ ਭੇਜੇ ਹਨ। ਪਰਮ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਮੁਆਫ਼ੀ ਦੇਵਾਂਗੇ ਪਰ ਉਨ੍ਹਾਂ ਨੂੰ 100 ਗਰੀਬ ਬੱਚਿਆਂ ਲਈ ਲੰਗਰ ਦਾ ਪ੍ਰਬੰਧ ਕਰਨਾ ਹੋਵੇਗਾ। ਉਸ ਨੇ ਕਿਹਾ ਕਿ  ਮੈਂ ਨਹੀਂ ਚਾਹੁੰਦਾ ਕਿ ਹੋਰ ਕਿਸੇ ਨਾਲ ਅਜਿਹੀ ਘਟਨਾ ਵਾਪਰੇ, ਮੈਂ ਇਸ ਨੂੰ ਰੋਕਣਾ ਚਾਹੁੰਦਾ ਹਾਂ।


Tanu

Content Editor

Related News