ਪਾਕਿਸਤਾਨ ’ਚ ਸਿੱਖ ਕੁੜੀ ਦੇ ਅਗਵਾ ਦਾ ਮਾਮਲਾ; ਸਿੱਖ ਵਫ਼ਦ ਵੱਲੋਂ ਵਿਦੇਸ਼ ਮੰਤਰਾਲਾ ਨਾਲ ਮੁਲਾਕਾਤ
Monday, Aug 22, 2022 - 01:33 PM (IST)
ਨਵੀਂ ਦਿੱਲੀ (ਕਮਲ ਕਾਂਸਲ)– ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ 'ਚ ਇਕ ਸਿੱਖ ਕੁੜੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 20 ਅਗਸਤ ਦੀ ਸ਼ਾਮ ਨੂੰ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਦੀਨਾ ਕੌਰ ਪੁੱਤਰੀ ਗੁਰਚਰਨ ਸਿੰਘ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਨਾਲ ਬਾਅਦ ਵਿਚ ਉਸ ਦਾ ਅਗਵਾਕਾਰ ਨਾਲ ਨਿਕਾਹ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ- ਪਾਕਿ 'ਚ ਸਿੱਖ ਕੁੜੀ 'ਤੇ ਤਸ਼ੱਦਦ, ਅਗਵਾ-ਬਲਾਤਕਾਰ ਤੇ ਧਰਮ ਪਰਿਵਰਤਨ... ਫਿਰ ਦੋਸ਼ੀ ਨਾਲ ਕਰਵਾਇਆ ਨਿਕਾਹ
ਇਸ ਬਾਬਤ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਵਫ਼ਦ ਨਾਲ ਅੱਜ ਵਿਦੇਸ਼ ਮੰਤਰਾਲਾ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਨਾਲ ਮੁਲਾਕਾਤ ਕੀਤੀ। ਸਿਰਸਾ ਨੇ ਜੇ. ਪੀ. ਸਿੰਘ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਰਕਾਰ ’ਤੇ ਦਬਾਅ ਬਣੇ ਅਤੇ ਉਸ ਧੀ ਦੀ ਰਿਹਾਈ ਸੰਭਵ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ’ਚ ਘੱਟ ਗਿਣਤੀ ਦੀ ਸੁਰੱਖਿਆ ਦਾ ਮੁੱਦਾ ਵੈਸ਼ਵਿਕ ਪੱਧਰ ’ਤੇ ਚੁੱਕੇਗੀ। ਜੇ. ਪੀ. ਸਿੰਘ ਨੇ ਸਾਨੂੰ ਇਸ ਸਬੰਧ ’ਚ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਿਰਸਾ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ’ਤੇ ਵੀ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ- ‘ਲੰਪੀ ਸਕਿਨ ਰੋਗ’ ਨੇ ਖੋਹ ਲਈ ਹਜ਼ਾਰਾਂ ਬੇਜ਼ੁਬਾਨ ਪਸ਼ੂਆਂ ਦੀ ਜ਼ਿੰਦਗੀ, ਇੰਝ ਕਰੋ ਬਚਾਅ
ਸਿਰਸਾ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਲੈ ਕੇ ਕਿਹਾ ਕਿ ਪਾਕਿਸਤਾਨ ’ਚ ਘੱਟ ਗਿਣਤੀ ਸਿੱਖ, ਹਿੰਦੂ ਅਤੇ ਹੋਰ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ ਅਤੇ ਫਿਰ ਅਗਵਾਕਾਰਾਂ ਨਾਲ ਵਿਆਹ ਕਰਨਾ ਆਮ ਗੱਲ ਹੋ ਗਈ ਹੈ। ਪਾਕਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਤਰਸਯੋਗ ਹਾਲਤ ਹੈ। ਜ਼ਿਆਦਾਤਰ ਮਾਮਲੇ ’ਚ ਪੁਲਸ ਕੁੜੀਆਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਅਤੇ ਦੀਨਾ ਕੌਰ ਮਾਮਲੇ ’ਚ ਵੀ ਅਜਿਹਾ ਹੀ ਹੋਇਆ ਹੈ। ਸਿਰਸਾ ਨੇ ਇਸ ਗੰਭੀਰ ਮਸਲੇ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਦਖ਼ਲ ਦੇਣ ਲਈ ਕਿਹਾ ਹੈ।