ਪ੍ਰਜਵਲ ਰੇਵੰਨਾ ਮਾਮਲੇ ’ਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ’ਤੇ ਪ੍ਰਲਹਾਦ ਜੋਸ਼ੀ ਨੇ ਸਿੱਧਰਮਈਆ ਨੂੰ ਘੇਰਿਆ

Friday, May 24, 2024 - 07:41 PM (IST)

ਪ੍ਰਜਵਲ ਰੇਵੰਨਾ ਮਾਮਲੇ ’ਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ’ਤੇ ਪ੍ਰਲਹਾਦ ਜੋਸ਼ੀ ਨੇ ਸਿੱਧਰਮਈਆ ਨੂੰ ਘੇਰਿਆ

ਨੈਸ਼ਨਲ ਡੈਸਕ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸੈਕਸ ਵੀਡੀਓ ਮਾਮਲੇ ਦੇ ਮੁੱਖ ਦੋਸ਼ੀ ਪ੍ਰਜਵਲ ਰੇਵੰਨਾ ਦੇ ਡਿਪਲੋਮੈਟਿਕ ਪਾਸਪੋਰਟ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਇਸ ’ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਤਰਾਜ਼ ਜਤਾਉਂਦਿਆਂ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਲਬੁਰਗੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਹਿਲਾਦ ਜੋਸ਼ੀ ਨੇ ਕਿਹਾ, ‘ਡਿਪਲੋਮੈਟਿਕ ਪਾਸਪੋਰਟ ਨੂੰ ਰੱਦ ਕਰਨ ਲਈ ਪਹਿਲਾਂ ਹੀ ਅਦਾਲਤ ’ਚ ਇਕ ਪਟੀਸ਼ਨ ਦਾਇਰ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਕਾਰਵਾਈ ਸ਼ੁਰੂ ਕਰ ਰਹੀ ਹੈ। ਜਿਹੜੇ ਲੋਕ ਵਿਦੇਸ਼ ਭੱਜ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆਉਣ ਦੀ ਇਕ ਪ੍ਰਕਿਰਿਆ ਹੁੰਦੀ ਹੈ। ਕੇਂਦਰ ਸਰਕਾਰ, ਸੂਬਾ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਹੈ। ਜੇਕਰ ਉਹ ਉਮੀਦ ਕਰਦੇ ਹਨ ਕਿ ਪੱਤਰ ਲਿਖਣ ਤੋਂ ਤੁਰੰਤ ਬਾਅਦ ਪਾਸਪੋਰਟ ਰੱਦ ਹੋ ਜਾਵੇਗਾ, ਤਾਂ ਇਹ ਕਿਵੇਂ ਸੰਭਵ ਹੈ?

ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੀ. ਐੱਮ. ਸਿੱਧਰਮਈਆ, ਡਿਪਟੀ ਸੀ. ਐੱਮ. ਡੀ. ਕੇ. ਸ਼ਿਵਕੁਮਾਰ ਅਤੇ ਗ੍ਰਹਿ ਮੰਤਰੀ ਡਾ. ਜੀ. ਪਰਮੇਸ਼ਵਰ ਨੂੰ ਮੇਰੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ। ਪ੍ਰਜਵਲ ਰੇਵੰਨਾ ਮਾਮਲੇ ਨਾਲ ਜੁੜੀ ਪੈੱਨ ਡਰਾਈਵ 21 ਅਪ੍ਰੈਲ ਨੂੰ ਸਾਹਮਣੇ ਆਈ ਸੀ। ਹਾਲਾਂਕਿ, ਉਹ 27 ਅਪ੍ਰੈਲ ਨੂੰ ਵਿਦੇਸ਼ ਚਲਾ ਗਿਆ ਸੀ। ਉਦੋਂ ਤੱਕ ਸੂਬਾ ਸਰਕਾਰ ਕੀ ਕਰ ਰਹੀ ਸੀ? ਜੋਸ਼ੀ ਨੇ ਦੋਸ਼ ਲਾਇਆ ਕਿ ਚੋਣਾਂ ਖਤਮ ਹੋਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਵੋਕਾਲਿਗਾ ਵੋਟ ਬੈਂਕ ਪ੍ਰਭਾਵਿਤ ਹੋਵੇਗਾ। ਸੈਕਸ ਵੀਡੀਓ ਸਕੈਂਡਲ ਇਕ ਗੰਭੀਰ ਮਾਮਲਾ ਹੈ। ਪ੍ਰਜਵਲ ਰੇਵੰਨਾ ਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਜੇਕਰ ਉਸ ਨੇ ਕੋਈ ਅਪਰਾਧ ਕੀਤਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸ ਦੇ ਪ੍ਰਤੀ ਹਮਦਰਦੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਸੂਬਾ ਸਰਕਾਰ ’ਤੇ ਜਾਂਚ ਨਾਲੋਂ ਸਿਆਸਤ ’ਤੇ ਜ਼ਿਆਦਾ ਧਿਆਨ ਦੇਣ ਦਾ ਦੋਸ਼ ਲਾਇਆ। ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਦੇ ਸੀ. ਐੱਮ. ਸਿਧਰਮਈਆ ਨੇ ਇਕ ਵਾਰ ਫਿਰ ਪੀ. ਐੱਮ. ਮੋਦੀ ਨੂੰ ਪੱਤਰ ਲਿਖ ਕੇ ਪ੍ਰਜਵਲ ਰੇਵੰਨਾ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ਦੇ ਨਾਲ-ਨਾਲ ਉਸ ਦੀ ਭਾਰਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਅਤੇ ਠੋਸ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।


author

Rakesh

Content Editor

Related News